ਮੈਕਸੀਕੋ :- ਦੱਖਣੀ ਅਮਰੀਕੀ ਦੇਸ਼ ਮੈਕਸੀਕੋ ਵਿੱਚ ਆਏ ਤੇਜ਼ ਭੂਚਾਲ ਨੇ ਵੱਡੇ ਪੱਧਰ ’ਤੇ ਦਹਿਸ਼ਤ ਫੈਲਾ ਦਿੱਤੀ। ਮੈਕਸੀਕੋ ਸਿਟੀ ਸਮੇਤ ਕਈ ਇਲਾਕਿਆਂ ਵਿੱਚ ਧਰਤੀ ਹਿੱਲ ਗਈ ਅਤੇ ਲੋਕ ਡਰ ਦੇ ਮਾਰੇ ਘਰਾਂ, ਦਫ਼ਤਰਾਂ ਤੇ ਹੋਟਲਾਂ ਤੋਂ ਬਾਹਰ ਨਿਕਲ ਆਏ। ਰਾਸ਼ਟਰੀ ਭੂਚਾਲ ਨਿਗਰਾਨੀ ਏਜੰਸੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.5 ਦਰਜ ਕੀਤੀ ਗਈ।
ਪ੍ਰੈਸ ਕਾਨਫਰੰਸ ਦੌਰਾਨ ਆਇਆ ਭੂਚਾਲ
ਭੂਚਾਲ ਉਸ ਸਮੇਂ ਆਇਆ ਜਦੋਂ ਦੇਸ਼ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਵੇਂ ਸਾਲ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਸੀ। ਅਚਾਨਕ ਝਟਕੇ ਮਹਿਸੂਸ ਹੋਣ ’ਤੇ ਪ੍ਰੈਸ ਕਾਨਫਰੰਸ ਵਿਚਕਾਰ ਹੀ ਰੋਕ ਦਿੱਤੀ ਗਈ ਅਤੇ ਰਾਸ਼ਟਰਪਤੀ ਮੀਡੀਆ ਕਰਮਚਾਰੀਆਂ ਸਮੇਤ ਸੁਰੱਖਿਆ ਲਈ ਹਾਲ ਤੋਂ ਬਾਹਰ ਨਿਕਲ ਗਏ। ਇਸ ਘਟਨਾ ਨਾਲ ਸੰਬੰਧਿਤ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਗੁਆਰੇਰੋ ਰਾਜ ਨੇੜੇ ਕੇਂਦਰ, ਤੱਟੀ ਖੇਤਰਾਂ ’ਚ ਭਾਰੀ ਅਸਰ
ਰਾਸ਼ਟਰੀ ਭੂਚਾਲ ਸੇਵਾ ਅਨੁਸਾਰ ਭੂਚਾਲ ਦਾ ਕੇਂਦਰ ਦੱਖਣੀ ਮੈਕਸੀਕੋ ਦੇ ਗੁਆਰੇਰੋ ਰਾਜ ਵਿੱਚ ਸੈਨ ਮਾਰਕੋਸ ਸ਼ਹਿਰ ਦੇ ਨੇੜੇ ਸੀ, ਜੋ ਪ੍ਰਸ਼ਾਂਤ ਮਹਾਂਸਾਗਰ ਦੇ ਤੱਟ ’ਤੇ ਸਥਿਤ ਪ੍ਰਸਿੱਧ ਰਿਜ਼ੋਰਟ ਸ਼ਹਿਰ ਅਕਾਪੁਲਕੋ ਦੇ ਕੋਲ ਪੈਂਦਾ ਹੈ। ਭੂਚਾਲ ਲਗਭਗ 40 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ, ਜਿਸ ਕਾਰਨ ਇਸਦੇ ਝਟਕੇ ਦੂਰ-ਦੂਰ ਤੱਕ ਮਹਿਸੂਸ ਕੀਤੇ ਗਏ।
ਘਰ ਡਿੱਗਣ ਨਾਲ ਮਹਿਲਾ ਦੀ ਮੌਤ
ਗੁਆਰੇਰੋ ਦੀ ਗਵਰਨਰ ਐਵਲਿਨ ਸਲਗਾਡੋ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਦੇ ਨੇੜਲੇ ਇੱਕ ਪਿੰਡ ਵਿੱਚ 50 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦੋਂ ਉਸ ਦਾ ਘਰ ਢਹਿ ਗਿਆ। ਇਸ ਤੋਂ ਇਲਾਵਾ ਰਾਜਧਾਨੀ ਚਿਲਪੈਂਸਿੰਗੋ ਦੇ ਇੱਕ ਹਸਪਤਾਲ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਾਰਨ ਮਰੀਜ਼ਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਬਾਹਰ ਕੱਢਣਾ ਪਿਆ।
ਮੈਕਸੀਕੋ ਸਿਟੀ ’ਚ ਦੂਜੀ ਮੌਤ, ਸੈਂਕੜੇ ਝਟਕੇ ਦਰਜ
ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਬਰੂਗਾਡਾ ਨੇ ਪੁਸ਼ਟੀ ਕੀਤੀ ਕਿ ਰਾਜਧਾਨੀ ਵਿੱਚ ਇੱਕ ਵਿਅਕਤੀ ਦੀ ਮੌਤ ਇਮਾਰਤ ਤੋਂ ਘਬਰਾਹਟ ਵਿੱਚ ਨਿਕਲਦੇ ਸਮੇਂ ਡਿੱਗਣ ਕਾਰਨ ਹੋਈ। ਅਧਿਕਾਰੀਆਂ ਮੁਤਾਬਕ ਮੁੱਖ ਭੂਚਾਲ ਤੋਂ ਬਾਅਦ 500 ਤੋਂ ਵੱਧ ਛੋਟੇ-ਵੱਡੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਿਹਾ।
ਸੰਚਾਰ ਸੇਵਾਵਾਂ ਪ੍ਰਭਾਵਿਤ, ਅਲਰਟ ਸਿਸਟਮ ਨੇ ਦਿੱਤੀ ਚੇਤਾਵਨੀ
ਅਕਾਪੁਲਕੋ ਸਮੇਤ ਕਈ ਇਲਾਕਿਆਂ ਵਿੱਚ ਕੁਝ ਸਮੇਂ ਲਈ ਸੰਚਾਰ ਸੇਵਾਵਾਂ ਵਿੱਚ ਰੁਕਾਵਟ ਆਈ। ਉੱਥੇ ਮੌਜੂਦ ਡਾਕਟਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਦੱਸਿਆ ਕਿ ਭੂਚਾਲ ਤੋਂ ਪਹਿਲਾਂ ਉਨ੍ਹਾਂ ਦੇ ਮੋਬਾਈਲ ਫੋਨਾਂ ’ਤੇ ਚੇਤਾਵਨੀ ਅਲਰਟ ਵੱਜ ਗਏ, ਜਿਸ ਨਾਲ ਲੋਕਾਂ ਨੂੰ ਬਚਾਅ ਲਈ ਕੁਝ ਸਮਾਂ ਮਿਲਿਆ।
ਹਾਲਾਤਾਂ ’ਤੇ ਨਜ਼ਰ, ਰਾਹਤ ਕਾਰਜ ਜਾਰੀ
ਸਰਕਾਰੀ ਏਜੰਸੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਨੁਕਸਾਨ ਦਾ ਅੰਕਲਨ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਵੱਡੀ ਤਬਾਹੀ ਦੀ ਪੁਸ਼ਟੀ ਨਹੀਂ ਹੋਈ, ਪਰ ਅਧਿਕਾਰੀ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੇ ਹੋਏ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

