ਨਵੀਂ ਦਿੱਲੀ :- ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦ ’ਤੇ ਚਾਰ ਦਿਨਾਂ ਤੋਂ ਚੱਲ ਰਿਹਾ ਤਣਾਅ ਹੁਣ ਪੂਰੀ ਜੰਗ ਦੇ ਰੂਪ ਵਿੱਚ ਸਾਹਮਣੇ ਆ ਗਿਆ ਹੈ। ਦੋਹੀਂ ਦੇਸ਼ਾਂ ਦੀਆਂ ਫੌਜਾਂ ਮੋਚਿਆਂ ’ਤੇ ਆਹਮੋ-ਸਾਹਮਣੇ ਹਨ ਅਤੇ ਹਾਲਾਤ ਇੰਨੇ ਗੰਭੀਰ ਹਨ ਕਿ ਸਰਹੱਦੀ ਇਲਾਕਿਆਂ ਤੋਂ ਹਜ਼ਾਰਾਂ ਪਰਿਵਾਰ ਘਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਕਈ ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਕੀਤਾ ਗਿਆ ਹੈ, ਜਦਕਿ ਗੋਲੇਬਾਰੀ ਤੇ ਹਵਾਈ ਹਮਲਿਆਂ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ।
ਥਾਈ ਹਵਾਈ ਫੌਜ ਦੇ ਹਮਲੇ, ਕੰਬੋਡੀਆ ਦਾ ਤਿੱਖਾ ਜਵਾਬ
ਥਾਈਲੈਂਡ ਦੀ ਹਵਾਈ ਫੌਜ ਨੇ ਐਫ-16 ਲੜਾਕੂ ਜਹਾਜ਼ਾਂ ਦੀ ਮਦਦ ਨਾਲ ਕੰਬੋਡੀਆ ਦੇ ਕਈ ਸਰਹੱਦੀ ਪਿੰਡਾਂ, ਢਾਂਚਿਆਂ ਅਤੇ ਯੂਨੈਸਕੋ ਵਿਰਾਸਤ ਸਥਾਨ ਪ੍ਰੇਹ ਵਿਹਾਰ ਮੰਦਰ ਦੇ ਇਲਾਕੇ ’ਚ ਬੰਬਾਰੀ ਕੀਤੀ। ਇੱਕ ਪ੍ਰਾਇਮਰੀ ਸਕੂਲ ਨੂੰ ਵੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ।
ਜਵਾਬ ਵਿੱਚ ਕੰਬੋਡੀਆਈ ਫੌਜ ਨੇ ਰਾਕੇਟ ਹਮਲੇ ਤੀਬਰ ਕਰ ਦਿੱਤੇ ਹਨ। ਬੁੱਧਵਾਰ ਸਵੇਰੇ ਸੁਰਿਨ ਸੂਬੇ ਵਿੱਚ ਸਥਿਤ ਫਨੋਮ ਡੋਂਗ ਰਕ ਹਸਪਤਾਲ ’ਤੇ ਛੇ ਰਾਕੇਟ ਦਾਗੇ ਗਏ, ਜਿਸ ਕਾਰਨ ਉੱਥੇ ਮੌਜੂਦ ਮਰੀਜ਼ ਅਤੇ ਸਟਾਫ਼ ਆਪਣੀ ਜਾਨ ਬਚਾਉਣ ਲਈ ਤੁਰੰਤ ਸੁਰੱਖਿਅਤ ਥਾਵਾਂ ਵੱਲ ਭੱਜੇ।
ਸਕੂਲਾਂ ਅਤੇ ਹਸਪਤਾਲਾਂ ਤੱਕ ਲੜਾਈ ਦੀ ਚਪੇਟ
ਜੰਗ ਦਾ ਦਾਇਰਾ ਸੈਨਿਕ ਮੈਦਾਨ ਤੋਂ ਨਿਕਲ ਕੇ ਨਾਗਰਿਕ ਥਾਵਾਂ ਤੱਕ ਪਹੁੰਚ ਗਿਆ ਹੈ। ਸਕੂਲਾਂ ਉੱਤੇ ਗੋਲੇਬਾਰੀ ਅਤੇ ਹਸਪਤਾਲਾਂ ’ਤੇ ਰਾਕੇਟ ਹਮਲਿਆਂ ਨੇ ਸਥਾਨਕ ਅਬਾਦੀ ਵਿੱਚ ਗੰਭੀਰ ਦਹਿਸ਼ਤ ਫੈਲਾ ਦਿੱਤੀ ਹੈ। ਸਿਹਤ ਸਹੂਲਤਾਂ ਪ੍ਰਭਾਵਿਤ ਹੋਣ ਨਾਲ ਮਦਦ ਟੀਮਾਂ ਲਈ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਨਾ ਹੋਰ ਵੀ ਮੁਸ਼ਕਲ ਬਣ ਗਿਆ ਹੈ।
ਕੰਬੋਡੀਆ ਵੱਲੋਂ 5 ਹਜ਼ਾਰ ਰਾਕੇਟ ਅਤੇ ਡਰੋਨ ਹਮਲੇ
ਥਾਈ ਸੈਨਾ ਦੇ ਅਨੁਸਾਰ, ਕੰਬੋਡੀਆਈ ਬਲ ਹੁਣ ਤੱਕ ਸੀਮਾ ਖੇਤਰਾਂ ਵਿੱਚ ਲਗਭਗ 5,000 ਰਾਕੇਟ ਦਾਗ ਚੁੱਕੇ ਹਨ ਅਤੇ ਕਈ ਨਿਸ਼ਾਨਿਆਂ ’ਤੇ ਆਤਮਘਾਤੀ ਡਰੋਨਾਂ ਨਾਲ ਹਮਲੇ ਕੀਤੇ ਗਏ ਹਨ। ਜਾਨੀ ਨੁਕਸਾਨ ਵੀ ਲਗਾਤਾਰ ਵੱਧ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਥਾਈਲੈਂਡ ਦੇ ਚਾਰ ਸੈਨਿਕ ਮਾਰੇ ਗਏ ਅਤੇ 68 ਜ਼ਖਮੀ ਹਨ, ਜਦਕਿ ਕੰਬੋਡੀਆ ਵੱਲੋਂ 61 ਸੈਨਿਕਾਂ ਅਤੇ ਨੌਂ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਟਰੰਪ ਨੇ ਦਖਲ ਦੀ ਪੇਸ਼ਕਸ਼ ਕੀਤੀ
ਵੱਧਦੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਦੋਹੀਂ ਦੇਸ਼ਾਂ ਨਾਲ ਗੱਲਬਾਤ ਕਰਕੇ ਇਹ ਟਕਰਾਅ ਰੋਕਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਜੰਗ ਫੈਲਣਾ ਖੇਤਰ ਲਈ ਖਤਰਨਾਕ ਹੈ ਅਤੇ ਉਹ ਇਸ ਮਾਮਲੇ ਵਿਚ ਸਿੱਧੀ ਦਖਲਅੰਦਾਜ਼ੀ ਕਰਣਗੇ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਟਰੰਪ ਦੇ ਬਿਆਨ ’ਤੇ ਨਰਮ ਪਰ ਸਪਸ਼ਟ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਦੋ ਦੇਸ਼ਾਂ ਦਾ ਆਪਸੀ ਮਾਮਲਾ ਹੈ ਅਤੇ ਗੱਲਬਾਤ ਸਿਰਫ਼ ਫੋਨ ਉੱਠਾ ਕੇ ਕਰਨ ਨਾਲ ਨਹੀਂ ਹੋ ਸਕਦੀ। ਕੰਬੋਡੀਆ ਸਰਕਾਰ ਦਾ ਕਹਿਣਾ ਹੈ ਕਿ ਉਹ ਸ਼ਾਂਤੀ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਸਿਰਫ਼ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ ਹੈ।
ਫੌਜਾਂ ਅਲਰਟ ਮੋਡ ਵਿਚ, ਹਾਲਾਤ ਤਣਾਅਪੂਰਨ
ਦੋਹੀਂ ਪਾਸਿਆਂ ਦੀਆਂ ਫੌਜਾਂ ਸਰਹੱਦ ਉੱਤੇ ਅਜੇ ਵੀ ਉੱਚ ਅਲਰਟ ’ਤੇ ਹਨ। ਹਜ਼ਾਰਾਂ ਲੋਕ ਬਸਤੀ ਛੱਡ ਚੁੱਕੇ ਹਨ ਅਤੇ ਵਾਪਸੀ ਦੀ ਕੋਈ ਤਰੀਕ ਨਹੀਂ ਦੱਸ ਸਕੀ। ਅੰਤਰਰਾਸ਼ਟਰੀ ਪੱਧਰ ’ਤੇ ਦਖਲ ਅਤੇ ਮਧਸਥਤਾ ਦੀ ਲੋੜ ਨੂੰ ਲੈ ਕੇ ਚਰਚਾ ਤੇਜ਼ ਹੋ ਰਹੀ ਹੈ, ਪਰ ਮੈਦਾਨੀ ਹਾਲਾਤ ਬਹੁਤ ਸੰਵੇਦਨਸ਼ੀਲ ਬਣੇ ਹੋਏ ਹਨ।

