ਪਾਕਿਸਤਾਨ :- ਇਸਲਾਮਾਬਾਦ ਦੇ ਤਰਲਾਈ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਉਸ ਵੇਲੇ ਕਹਿਰ ਵਰਤ ਗਿਆ, ਜਦੋਂ ਨਮਾਜ਼ ਅਦਾ ਕਰ ਰਹੀ ਭੀੜ ਵਿਚਕਾਰ ਇੱਕ ਜ਼ਬਰਦਸਤ ਧਮਾਕੇ ਨੇ ਹਰ ਪਾਸੇ ਮੌਤ ਤੇ ਦਹਿਸ਼ਤ ਫੈਲਾ ਦਿੱਤੀ। ਮਸਜਿਦ ਅੰਦਰ ਮੌਜੂਦ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਅਤੇ ਧਮਾਕੇ ਨਾਲ ਪੂਰਾ ਇਲਾਕਾ ਕੰਬ ਉਠਿਆ।
ਮਸਜਿਦ ਅੰਦਰ ਮੌਤ ਦਾ ਮੰਜ਼ਰ
ਧਮਾਕੇ ਤੋਂ ਬਾਅਦ ਮਸਜਿਦ ਦਾ ਅੰਦਰੂਨੀ ਹਿੱਸਾ ਲਹੂ ਨਾਲ ਰੰਗਿਆ ਹੋਇਆ ਦਿਖਾਈ ਦਿੱਤਾ। ਮੌਕੇ ਤੋਂ ਆ ਰਹੀਆਂ ਤਸਵੀਰਾਂ ਤੇ ਵੀਡੀਓਜ਼ ਵਿੱਚ ਜਖ਼ਮੀ ਲੋਕ ਦਰਦ ਨਾਲ ਤੜਫ਼ਦੇ ਨਜ਼ਰ ਆਏ, ਜਦਕਿ ਕਈਆਂ ਦੇ ਸਰੀਰਾਂ ਦੇ ਅੰਗ ਖਿੰਡੇ ਹੋਏ ਮਿਲੇ। ਗੈਰ-ਸਰਕਾਰੀ ਸੂਤਰਾਂ ਮੁਤਾਬਕ 50 ਤੋਂ ਵੱਧ ਲੋਕਾਂ ਦੀ ਮੌਤ ਅਤੇ 70 ਤੋਂ ਜ਼ਿਆਦਾ ਦੇ ਜਖ਼ਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਪਾਕਿਸਤਾਨੀ ਮੀਡੀਆ ਮੌਤਾਂ ਦੀ ਗਿਣਤੀ ਘੱਟ ਦੱਸ ਰਿਹਾ ਹੈ।
ਤਿੰਨ ਹਸਪਤਾਲਾਂ ‘ਚ ਭਰਤੀ, ਐਮਰਜੈਂਸੀ ਐਲਾਨ
ਧਮਾਕੇ ਦੇ ਤੁਰੰਤ ਬਾਅਦ ਜਖ਼ਮੀਆਂ ਨੂੰ ਇਸਲਾਮਾਬਾਦ ਦੇ ਤਿੰਨ ਵੱਡੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਐਮਰਜੈਂਸੀ ਜਿਹੀ ਸਥਿਤੀ ਬਣਾਈ ਗਈ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਗੇਟ ‘ਤੇ ਖੜ੍ਹ ਕੇ ਕੀਤਾ ਆਤਮਘਾਤੀ ਹਮਲਾ
ਮੁੱਢਲੀ ਜਾਂਚ ਮੁਤਾਬਕ ਜਦੋਂ ਦੁਪਹਿਰ ਕਰੀਬ ਇੱਕ ਵਜੇ ਮਸਜਿਦ ਵਿੱਚ ਨਮਾਜ਼ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਤਦ ਇੱਕ ਆਤਮਘਾਤੀ ਹਮਲਾਵਰ ਨੇ ਮਸਜਿਦ ਦੇ ਦਰਵਾਜ਼ੇ ਨੇੜੇ ਆਪਣੇ ਆਪ ਨੂੰ ਉਡਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਦੇ ਤਾਲੁੱਕ ਅਫਗਾਨਿਸਤਾਨ ਨਾਲ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਟੀਟੀਪੀ ਦੀ ਭੂਮਿਕਾ ‘ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ।
ਸ਼ੀਆ ਮਸਜਿਦ ਹੋਣ ਦੀ ਪੁਸ਼ਟੀ
ਤਰਲਾਈ ਵਿੱਚ ਜਿਸ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਸ਼ੀਆ ਭਾਈਚਾਰੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਪਾਕਿਸਤਾਨ ਵਿੱਚ ਸ਼ੀਆ ਆਬਾਦੀ ਵੱਡੇ ਪੱਧਰ ‘ਤੇ ਮੌਜੂਦ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।
ਹਮਲੇ ਪਿੱਛੋਂ ਵਧੀ ਸੁਰੱਖਿਆ
ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ। ਹਰ ਆਉਣ-ਜਾਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

