ਨਵੀਂ ਦਿੱਲੀ :- ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਇਰਾਨ-ਅਮਰੀਕਾ ਟਕਰਾਅ ਦੇ ਪ੍ਰਭਾਵ ਹੁਣ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਦਿਖਾਈ ਦੇ ਰਹੇ ਹਨ। ਇਸ ਪਸੇਮੰਜ਼ਰ ਵਿੱਚ New Zealand ਤੋਂ ਖ਼ਬਰ ਮਿਲੀ ਹੈ ਕਿ ਤੇਲ ਸਪਲਾਈ ’ਤੇ ਦਬਾਅ ਬਣਨ ਕਾਰਨ ਪੈਟਰੋਲ ਦੀ ਕੀਮਤ 3 ਡਾਲਰ ਪ੍ਰਤੀ ਲੀਟਰ ਤੋਂ ਵੱਧ ਹੋ ਗਈ ਹੈ। ਕੀਮਤਾਂ ਵਿੱਚ ਇਸ ਅਚਾਨਕ ਵਾਧੇ ਨਾਲ ਆਮ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ, ਹਾਲਾਂਕਿ ਸਰਕਾਰ ਅਤੇ ਤੇਲ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਇੰਧਨ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਜਾਰੀ ਰਹੇਗੀ।
ਸਰਕਾਰ ਵੱਲੋਂ ਰਣਨੀਤਕ ਭੰਡਾਰ ਵਿੱਚੋਂ ਤੇਲ ਜਾਰੀ ਕਰਨ ਦਾ ਫੈਸਲਾ
International Energy Agency ਦੀ ਸਿਫ਼ਾਰਸ਼ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ ਨੇ ਆਪਣੇ ਰਣਨੀਤਕ ਭੰਡਾਰ ਵਿੱਚੋਂ 6 ਦਿਨਾਂ ਦਾ ਤੇਲ ਬਾਜ਼ਾਰ ਵਿੱਚ ਛੱਡਣ ਦਾ ਫੈਸਲਾ ਕੀਤਾ ਹੈ। ਇਸ ਕਦਮ ਦਾ ਮਕਸਦ ਬਾਜ਼ਾਰ ਵਿੱਚ ਸਥਿਰਤਾ ਬਣਾਈ ਰੱਖਣਾ ਅਤੇ ਸੰਭਾਵੀ ਸਪਲਾਈ ਰੁਕਾਵਟ ਨੂੰ ਟਾਲਣਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕੀਮਤਾਂ ’ਤੇ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕੇਗਾ।
ਹਾਲਾਤ ਵਿਗੜੇ ਤਾਂ ਪੁਰਾਣੇ ਨਿਯਮ ਲਾਗੂ ਕਰਨ ਦੀ ਸੰਭਾਵਨਾ
ਨਿਊਜ਼ੀਲੈਂਡ ਦੀ ਵਿੱਤ ਮੰਤਰੀ Nicola Willis ਨੇ ਇਸ਼ਾਰਾ ਦਿੱਤਾ ਹੈ ਕਿ ਜੇ ਸਥਿਤੀ ਹੋਰ ਗੰਭੀਰ ਹੋਈ ਤਾਂ 1979 ਵਿੱਚ ਵਰਤੇ ਗਏ ‘ਕਾਰਲੈੱਸ ਡੇਜ਼’ ਵਰਗੇ ਨਿਯਮ ਮੁੜ ਲਾਗੂ ਕੀਤੇ ਜਾ ਸਕਦੇ ਹਨ। ਇਸ ਤਹਿਤ ਹਰ ਵਾਹਨ ਨੂੰ ਹਫ਼ਤੇ ਵਿੱਚ ਇੱਕ ਦਿਨ ਸੜਕਾਂ ’ਤੇ ਚਲਣ ਤੋਂ ਰੋਕਿਆ ਜਾ ਸਕਦਾ ਹੈ, ਤਾਂ ਜੋ ਇੰਧਨ ਦੀ ਖਪਤ ਘਟਾਈ ਜਾ ਸਕੇ।
ਲੋਕਾਂ ਨੂੰ ਘਬਰਾਹਟ ਵਿੱਚ ਖਰੀਦਾਰੀ ਨਾ ਕਰਨ ਦੀ ਅਪੀਲ
ਊਰਜਾ ਮੰਤਰੀ Shane Jones ਨੇ ਦੱਸਿਆ ਕਿ ਦੇਸ਼ ਕੋਲ ਲਗਭਗ 50 ਦਿਨਾਂ ਦਾ ਤੇਲ ਭੰਡਾਰ ਮੌਜੂਦ ਹੈ। ਇਸ ਵਿੱਚੋਂ 32 ਦਿਨਾਂ ਦਾ ਸਟਾਕ ਦੇਸ਼ ਦੇ ਅੰਦਰ ਮੌਜੂਦ ਹੈ, ਜਦਕਿ ਕਰੀਬ 25 ਦਿਨਾਂ ਦਾ ਇੰਧਨ ਜਹਾਜ਼ਾਂ ਰਾਹੀਂ ਰਸਤੇ ਵਿੱਚ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਹਟ ਵਿੱਚ ਵਧੇਰੇ ਖਰੀਦਦਾਰੀ ਨਾ ਕਰਨ, ਕਿਉਂਕਿ ਇਸ ਨਾਲ ਸਥਾਨਕ ਪੱਧਰ ’ਤੇ ਆਰਜ਼ੀ ਕਮੀ ਪੈਦਾ ਹੋ ਸਕਦੀ ਹੈ।
ਇਕ ਹਫ਼ਤੇ ਵਿੱਚ ਕੀਮਤਾਂ ਵਿੱਚ ਵੱਡਾ ਉਛਾਲ
ਪਿਛਲੇ ਇੱਕ ਹਫ਼ਤੇ ਦੌਰਾਨ ਪੈਟਰੋਲ ਦੀ ਕੀਮਤ ਵਿੱਚ 45 ਤੋਂ 50 ਸੈਂਟ ਪ੍ਰਤੀ ਲੀਟਰ ਤੱਕ ਵਾਧਾ ਹੋਇਆ ਹੈ, ਜਦਕਿ ਡੀਜ਼ਲ ਲਗਭਗ 72 ਸੈਂਟ ਮਹਿੰਗਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ 91 ਆਕਟੇਨ ਪੈਟਰੋਲ ਦੀ ਔਸਤ ਕੀਮਤ ਹੁਣ 3 ਡਾਲਰ ਤੋਂ ਉੱਪਰ ਪਹੁੰਚ ਗਈ ਹੈ, ਜਿਸ ਨਾਲ ਆਮ ਪਰਿਵਾਰਾਂ ਦੇ ਮਹੀਨਾਵਾਰ ਖਰਚ ’ਤੇ ਕਰੀਬ 100 ਤੋਂ 150 ਡਾਲਰ ਤੱਕ ਵਾਧੂ ਬੋਝ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

