ਬ੍ਰਿਟੇਨ :- ਬ੍ਰਿਟੇਨ ਦੇ ਵੈਸਟ ਬ੍ਰੋਮਵਿਚ ਸ਼ਹਿਰ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿੱਚ ਕੱਚਾ ਮਾਸ ਸੁੱਟ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਉਸ ਵੇਲੇ ਤੇਜ਼ ਹੋਈ ਜਦੋਂ ਇਲਾਕੇ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸਾਰਾ ਕੂਮਬਜ਼ ਨੇ ਇਹ ਮਾਮਲਾ ਬਰਤਾਨਵੀ ਸੰਸਦ ਵਿੱਚ ਉਠਾਇਆ।
22 ਦਸੰਬਰ ਨੂੰ ਵਾਪਰੀ ਸੀ ਘਟਨਾ
ਪੁਲਿਸ ਅਨੁਸਾਰ ਇਹ ਘਟਨਾ 22 ਦਸੰਬਰ 2025 ਨੂੰ ਵਾਪਰੀ ਸੀ, ਜਦੋਂ ਇੱਕ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨੇੜੇ ਕੱਚਾ ਮਾਸ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਦੁਆਰਾ ਪ੍ਰਬੰਧਕਾਂ ਨੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਜਾਂਚ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਸੀਸੀਟੀਵੀ ਫੁਟੇਜ ਨਾਲ ਹੋਈ ਪਛਾਣ
ਵੈਸਟ ਬ੍ਰੋਮਵਿਚ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ਵਿੱਚ ਇੱਕ ਵਿਅਕਤੀ ਨੂੰ ਥੈਲੇ ਵਿੱਚੋਂ ਕੱਚਾ ਮਾਸ ਕੱਢ ਕੇ ਗੁਰਦੁਆਰੇ ਦੇ ਗੇਟ ਕੋਲ ਸੁੱਟਦੇ ਹੋਏ ਸਾਫ਼ ਦੇਖਿਆ ਗਿਆ। ਇਸ ਦੇ ਆਧਾਰ ‘ਤੇ ਪੁਲਿਸ ਨੇ ਸ਼ੱਕੀ ਦੀ ਪਛਾਣ 42 ਸਾਲਾ ਟੋਮਾਜ਼ ਬ੍ਰੁਚ ਵਜੋਂ ਕੀਤੀ।
ਹੇਟ ਕਰਾਈਮ ਤਹਿਤ ਦਰਜ ਹੋਇਆ ਮਾਮਲਾ
ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਖ਼ਿਲਾਫ਼ ਜਾਣਬੂਝ ਕੇ ਧਾਰਮਿਕ ਅਸਥਾਨ ਦੀ ਬੇਅਦਬੀ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਹੇਟ ਕਰਾਈਮ ਦੀ ਸ਼੍ਰੇਣੀ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਰਿਕਾਰਡ ਮੁਤਾਬਕ ਦੋਸ਼ੀ ਦਾ ਕੋਈ ਪੱਕਾ ਪਤਾ ਵੀ ਦਰਜ ਨਹੀਂ ਮਿਲਿਆ।
ਅਦਾਲਤ ਵਿੱਚ ਪੇਸ਼, ਰਿਮਾਂਡ ‘ਤੇ ਭੇਜਿਆ
ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਅਗਲੀ ਸੁਣਵਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਵੂਲਵਰਹੈਂਪਟਨ ਮੈਜਿਸਟਰੇਟ ਕੋਰਟ ਵਿੱਚ ਹੋਵੇਗੀ।

ਸੰਸਦ ਮੈਂਬਰ ਸਾਰਾ ਕੂਮਬਜ਼ ਦੀ ਦਖ਼ਲਅੰਦਾਜ਼ੀ ਨਾਲ ਵਧੀ ਜਾਂਚ
ਲੇਬਰ ਪਾਰਟੀ ਦੀ ਸੰਸਦ ਮੈਂਬਰ ਸਾਰਾ ਕੂਮਬਜ਼ ਨੇ 8 ਜਨਵਰੀ 2026 ਨੂੰ ਬਰਤਾਨਵੀ ਸੰਸਦ ਵਿੱਚ ਇਹ ਮਾਮਲਾ ਚੁੱਕਦਿਆਂ ਕਿਹਾ ਸੀ ਕਿ ਗੁਰਦੁਆਰੇ ਵਿੱਚ ਕੱਚਾ ਮਾਸ ਸੁੱਟਣਾ ਸਿੱਖ ਧਰਮ ਦੀ ਮਰਿਆਦਾ ਖ਼ਿਲਾਫ਼ ਹੈ ਅਤੇ ਇਹ ਘਟਨਾ ਨਫ਼ਰਤ ਤੋਂ ਪ੍ਰੇਰਿਤ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
ਗ੍ਰਿਫ਼ਤਾਰੀ ਮਗਰੋਂ ਜਤਾਈ ਸੰਤੁਸ਼ਟੀ
ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰਾ ਕੂਮਬਜ਼ ਨੇ ਆਪਣੇ ਐਕਸ ਹੈਂਡਲ ‘ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਜਾਂ ਧਾਰਮਿਕ ਅਸਥਾਨ ਪ੍ਰਤੀ ਅਜਿਹੀ ਨਫ਼ਰਤ ਭਰੀ ਹਰਕਤ ਕਬੂਲਯੋਗ ਨਹੀਂ। ਉਨ੍ਹਾਂ ਉਮੀਦ ਜਤਾਈ ਕਿ ਕਾਨੂੰਨ ਦੋਸ਼ੀ ਨੂੰ ਉਸਦੇ ਕੀਤੇ ਦੀ ਸਖ਼ਤ ਸਜ਼ਾ ਜ਼ਰੂਰ ਦੇਵੇਗਾ।
ਸਿੱਖ ਤੇ ਹਿੰਦੂ ਸੰਸਥਾਵਾਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਬਰਤਾਨੀਆ ਵਿੱਚ ਸਰਗਰਮ ਸਿੱਖ ਅਤੇ ਹਿੰਦੂ ਸੰਸਥਾਵਾਂ ਨੇ ਵੀ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ।
ਪੁਲਿਸ ਨੇ ਸਾਫ਼ ਕੀਤਾ ਹੈ ਕਿ ਧਾਰਮਿਕ ਥਾਵਾਂ ‘ਤੇ ਹੋਣ ਵਾਲੇ ਨਫ਼ਰਤ-ਆਧਾਰਿਤ ਅਪਰਾਧ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਤੱਕ ਲਿਆ ਕੇ ਛੱਡਿਆ ਜਾਵੇਗਾ।

