ਨਵੀਂ ਦਿੱਲੀ :- ਅਮਰੀਕਾ ਵਿੱਚ ਹਾਲੀਆ ਹਾਦਸਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਵਾਸੀਆਂ ਲਈ ਟਰੱਕ ਡਰਾਈਵਿੰਗ ਦੇ ਨਿਯਮ ਕਾਫ਼ੀ ਸਖ਼ਤ ਕਰ ਦਿੱਤੇ ਹਨ। ਨਵੇਂ ਨਿਯਮਾਂ ਅਨੁਸਾਰ ਹੁਣ ਸਿਰਫ਼ ਗ੍ਰੀਨ ਕਾਰਡ ਹੋਲਡਰ ਜਾਂ ਅਮਰੀਕੀ ਨਾਗਰਿਕ ਹੀ ਹੈਵੀ ਡਿਊਟੀ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਹਾਸਲ ਕਰ ਸਕਣਗੇ। ਵਰਕ ਪਰਮਿਟ ਵਾਲੇ ਡਰਾਈਵਰਾਂ ਲਈ ਲਾਇਸੰਸ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਵਰਕ ਪਰਮਿਟ ਵਾਲੇ ਡਰਾਈਵਰਾਂ ਖ਼ਿਲਾਫ਼ ਕਾਰਵਾਈ
ਇਸੇ ਦੌਰਾਨ, ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਨੇ ਓਕਲਾਹੋਮਾ, ਕੈਲੀਫੋਰਨੀਆ ਸਮੇਤ ਕਈ ਸੂਬਿਆਂ ਵਿੱਚ ਵੱਡੀ ਕਾਰਵਾਈ ਕੀਤੀ। ਇਸ ਮੁਹਿੰਮ ਦੌਰਾਨ 130 ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ 28 ਪੰਜਾਬੀ ਮੂਲ ਦੇ ਹਨ। ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਟੋਅ ਕਰਕੇ ਲਿਜਾਂਦੇ ਦਿਖਾਏ ਗਏ ਹਨ।
ਓਕਲਾਹੋਮਾ ਦੇ ਗਵਰਨਰ ਦਾ ਬਿਆਨ
ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਨੇ ਕਿਹਾ ਕਿ “ਹੈਵੀ ਵ੍ਹੀਕਲਜ਼ ਅਣਜਾਣ ਹੱਥਾਂ ਵਿੱਚ ਨਹੀਂ ਛੱਡੇ ਜਾ ਸਕਦੇ, ਕਿਉਂਕਿ ਇਹ ਮਾਸੂਮ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਸਕਦੇ ਹਨ।” ਇਸੇ ਤਰ੍ਹਾਂ, ਪੈਨਸਿਲਵੇਨੀਆ, ਸਾਊਥ ਡੈਕੋਟਾ, ਟੈਕਸਸ ਅਤੇ ਕੋਲੋਰਾਡੋ ਵਿੱਚ ਵੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।
ਪ੍ਰਵਾਸੀਆਂ ਲਈ ਵੱਧ ਰਹੀਆਂ ਮੁਸ਼ਕਲਾਂ
ਜਾਣਕਾਰੀ ਅਨੁਸਾਰ, ਅਮਰੀਕਾ ਵਿੱਚ ਇਸ ਵੇਲੇ ਲਗਭਗ 2 ਲੱਖ ਟਰੱਕ ਡਰਾਈਵਰ ‘ਕੱਚੇ’ ਸਟੇਟਸ ਵਿੱਚ ਹਨ, ਜਿਨ੍ਹਾਂ ਵਿੱਚੋਂ ਹਜ਼ਾਰਾਂ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਖ਼ਬਰ ਹੈ ਕਿ ਸਰਕਾਰ ਅਸਾਇਲਮ ਕੇਸਾਂ ਨੂੰ ਵੀ ਵੱਡੇ ਪੱਧਰ ‘ਤੇ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਲੱਖਾਂ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।