ਨਵੀਂ ਦਿੱਲੀ :- ਮੱਧ-ਪੂਰਬ ਵਿੱਚ ਤਣਾਅ ਉਸ ਵੇਲੇ ਚਰਮ ’ਤੇ ਪਹੁੰਚ ਗਿਆ ਜਦੋਂ ਇਜ਼ਰਾਈਲ ਨੇ ਇਰਾਨ ਖ਼ਿਲਾਫ਼ ਖੁੱਲ੍ਹੀ ਕਾਰਵਾਈ ਦੀ ਨੀਤੀ ਅਪਣਾਉਂਦਿਆਂ ਸੱਤਾ ਪਲਟ ਦੀ ਮੰਸ਼ਾ ਜ਼ਾਹਰ ਕੀਤੀ। ਇਸ ਪਿਛੋਕੜ ਵਿੱਚ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਕੀਤੀ ਗਈ ਸੰਯੁਕਤ ਹਵਾਈ ਕਾਰਵਾਈ, ਜਿਸਨੂੰ ‘ਆਪਰੇਸ਼ਨ ਰੋਰਿੰਗ ਲਾਇਨ’ ਦਾ ਨਾਮ ਦਿੱਤਾ ਗਿਆ, ਦੌਰਾਨ ਤਹਿਰਾਨ ਦੇ ਇੱਕ ਗੁਪਤ ਕਮਾਂਡ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ। ਰਿਪੋਰਟਾਂ ਮੁਤਾਬਕ ਇਸ ਭਿਆਨਕ ਹਮਲੇ ਵਿੱਚ ਇਰਾਨ ਦੇ ਉੱਚ ਪੱਧਰੀ ਸੈਨਿਕ ਨੇਤ੍ਰਿਤਵ ਨੂੰ ਵੱਡਾ ਝਟਕਾ ਲੱਗਿਆ ਹੈ।
ਰੱਖਿਆ ਮੰਤਰੀ ਅਤੇ ਆਈ.ਆਰ.ਜੀ.ਸੀ. ਕਮਾਂਡਰ ਦੀ ਮੌਤ ਦੀਆਂ ਰਿਪੋਰਟਾਂ
ਵੱਖ-ਵੱਖ ਅੰਤਰਰਾਸ਼ਟਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਰਾਨ ਦੇ ਰੱਖਿਆ ਮੰਤਰੀ ਨਾਸਿਰ ਜਾਹੇਦ ਅਤੇ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ ਦੇ ਸੀਨੀਅਰ ਕਮਾਂਡਰ ਮੋਹੰਮਦ ਪਾਕਪੁਰ ਇਸ ਹਮਲੇ ਦੌਰਾਨ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਅਧਿਕਾਰੀ ਸੰਵੇਦਨਸ਼ੀਲ ਕਮਾਂਡ ਸੈਂਟਰ ਵਿੱਚ ਮੌਜੂਦ ਸਨ ਅਤੇ ਸੰਭਾਵਿਤ ਜਵਾਬੀ ਰਣਨੀਤੀ ’ਤੇ ਵਿਚਾਰ ਕਰ ਰਹੇ ਸਨ, ਜਦੋਂ ਹਮਲਾ ਕੀਤਾ ਗਿਆ।
‘ਮਿਸਾਈਲ ਸਿਟੀ’ ਨੂੰ ਵੱਡਾ ਝਟਕਾ
ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਾਰਵਾਈ ਸਿਰਫ਼ ਦੋ ਅਧਿਕਾਰੀਆਂ ਦੀ ਮੌਤ ਤੱਕ ਸੀਮਿਤ ਨਹੀਂ, ਸਗੋਂ ਇਰਾਨ ਦੀ ਮਿਸਾਈਲ ਪ੍ਰਣਾਲੀ ਲਈ ਵੀ ਵੱਡਾ ਝਟਕਾ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਦੇਸ਼ ਦੀ ਮਿਸਾਈਲ ਸੁਰੱਖਿਆ ਢਾਂਚੇ ਦੀ ਕਮਾਨ ਇਨ੍ਹਾਂ ਹੀ ਹੱਥਾਂ ਵਿੱਚ ਸੀ। ਇਸ ਹਮਲੇ ਤੋਂ ਬਾਅਦ ਖੇਤਰ ਵਿੱਚ ਸੁਰੱਖਿਆ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ ਅਤੇ ਜਵਾਬੀ ਕਾਰਵਾਈ ਦੇ ਸੰਕੇਤ ਵੀ ਨਜ਼ਰ ਆ ਰਹੇ ਹਨ।
ਖੇਤਰੀ ਤਣਾਅ ਵਧਣ ਦੀ ਸੰਭਾਵਨਾ
ਇਸ ਤਾਜ਼ਾ ਘਟਨਾ ਨਾਲ ਮੱਧ-ਪੂਰਬ ਵਿੱਚ ਤਣਾਅ ਨਵੇਂ ਪੱਧਰ ’ਤੇ ਪਹੁੰਚਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਰਾਜਨੀਤਿਕ ਵਿਸ਼ਲੇਸ਼ਕ ਮੰਨਦੇ ਹਨ ਕਿ ਜੇਕਰ ਦੋਵੇਂ ਪੱਖਾਂ ਵੱਲੋਂ ਹਮਲਾਵਰ ਰਵੱਈਆ ਜਾਰੀ ਰਿਹਾ ਤਾਂ ਆਉਂਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਭੜਕ ਸਕਦੀ ਹੈ। ਅੰਤਰਰਾਸ਼ਟਰੀ ਭਾਈਚਾਰੇ ਦੀ ਨਿਗਾਹ ਹੁਣ ਤਹਿਰਾਨ ਅਤੇ ਤੇਲ ਅਵੀਵ ਦੀ ਅਗਲੀ ਚਾਲ ’ਤੇ ਟਿਕੀ ਹੋਈ ਹੈ।