ਚੰਡੀਗੜ੍ਹ :- ਕੈਨੇਡਾ ਬਾਰਡਰ ਸਿਕਿਓਰਿਟੀ ਏਜੰਸੀ (CBSA) ਨੇ ਇੱਕ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਨੂੰ ਲਗਭਗ 25 ਮਿਲੀਅਨ ਕੈਨੇਡੀਅਨ ਡਾਲਰ ਮੁੱਲ ਦੀ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਸ਼ਖ਼ਸ ਦੀ ਪਛਾਣ ਓਂਕਾਰ ਕਲਸੀ (ਉਮਰ 29 ਸਾਲ) ਵਜੋਂ ਹੋਈ ਹੈ, ਜੋ ਓਂਟਾਰੀਓ ਪ੍ਰਾਂਤ ਦੇ ਕੈਲੇਡਨ ਸ਼ਹਿਰ ਦਾ ਰਹਿਣ ਵਾਲਾ ਹੈ।
ਸਰਹੱਦ ‘ਤੇ 197 ਕਿਲੋਗ੍ਰਾਮ ਨਸ਼ਾ ਜ਼ਬਤ
23 ਜੁਲਾਈ ਨੂੰ, ਬਲੂ ਵਾਟਰ ਬ੍ਰਿਜ ਸਰਹੱਦ ‘ਤੇ ਅਮਰੀਕਾ ਤੋਂ ਆ ਰਹੇ ਇੱਕ ਵਪਾਰਕ ਟਰੱਕ ਦੀ ਰੁਟੀਨ ਜਾਂਚ ਦੌਰਾਨ, ਅਧਿਕਾਰੀਆਂ ਨੇ ਟਰੱਕ ਦੇ ਅੰਦਰੋਂ 7 ਬੈਗਾਂ ਵਿੱਚ 197 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ ਲਗਭਗ 24.6 ਮਿਲੀਅਨ ਕੈਨੇਡੀਅਨ ਡਾਲਰ (ਤਕਰੀਬਨ 183 ਕਰੋੜ ਭਾਰਤੀ ਰੁਪਏ) ਦੱਸੀ ਜਾ ਰਹੀ ਹੈ।
ਆਰਸੀਐਮਪੀ ਦੇ ਹਵਾਲੇ, ਕਈ ਗੰਭੀਰ ਦੋਸ਼
ਜ਼ਬਤ ਕੀਤੇ ਨਸ਼ੇ ਸਮੇਤ ਓਂਕਾਰ ਕਲਸੀ ਨੂੰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਦੇ ਹਵਾਲੇ ਕਰ ਦਿੱਤਾ ਗਿਆ। ਉਸ ‘ਤੇ ਕੋਕੇਨ ਆਯਾਤ ਕਰਨ ਅਤੇ ਤਸਕਰੀ ਦੇ ਇਰਾਦੇ ਨਾਲ ਰੱਖਣ ਦੇ ਗੰਭੀਰ ਦੋਸ਼ ਲਗੇ ਹਨ। ਜੇ ਦੋਸ਼ ਸਾਬਤ ਹੋਏ ਤਾਂ ਕਲਸੀ ਨੂੰ ਲੰਬੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਨਤਕ ਸੁਰੱਖਿਆ ਮੰਤਰੀ ਦੀ ਕੜੀ ਚੇਤਾਵਨੀ
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਾਰੀ ਨੇ ਕਿਹਾ, “ਅਸੀਂ ਅਪਰਾਧ ਨੂੰ ਰੋਕਣ ਅਤੇ ਆਪਣੇ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹਾਂ। ਜੋ ਵੀ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਚੁਣੌਤੀ ਦੇਵੇਗਾ, ਉਸ ਨਾਲ ਕੜੇ ਹੱਥਾਂ ਨਾਲ ਨਿਪਟਿਆ ਜਾਵੇਗਾ।”
2025 ਵਿੱਚ ਵੱਡੀ ਮਾਤਰਾ ‘ਚ ਕੋਕੇਨ ਜ਼ਬਤ
CBSA ਦੇ ਅੰਕੜਿਆਂ ਅਨੁਸਾਰ, 1 ਜਨਵਰੀ ਤੋਂ 10 ਜੁਲਾਈ 2025 ਤੱਕ ਅਮਰੀਕਾ ਤੋਂ 1,164 ਕਿਲੋਗ੍ਰਾਮ ਕੋਕੇਨ ਅਤੇ ਹੋਰ ਦੇਸ਼ਾਂ ਤੋਂ 514 ਕਿਲੋਗ੍ਰਾਮ ਕੋਕੇਨ ਜ਼ਬਤ ਕੀਤੀ ਗਈ ਹੈ।
ਪਹਿਲਾਂ ਵੀ ਭਾਰਤੀ ਮੂਲ ਦੇ ਕਈ ਗ੍ਰਿਫ਼ਤਾਰ
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਭਾਰਤੀ ਮੂਲ ਦੇ ਟਰੱਕ ਡਰਾਈਵਰ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਫੜੇ ਗਏ ਹਨ। 10 ਜੂਨ ਨੂੰ, ਪੀਲ ਖੇਤਰੀ ਪੁਲਿਸ ਨੇ “ਪ੍ਰੋਜੈਕਟ ਪੈਲੀਕਨ” ਦੇ ਤਹਿਤ 50 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 372 ਕਰੋੜ ਰੁਪਏ) ਮੁੱਲ ਦੀ ਕੋਕੇਨ ਜ਼ਬਤ ਕੀਤੀ ਸੀ। ਇਸ ਮਾਮਲੇ ਵਿੱਚ 6 ਭਾਰਤੀ-ਕੈਨੇਡੀਅਨ ਸਮੇਤ ਕਈ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।