ਨਵੀਂ ਦਿੱਲੀ :- 2021 ਤੋਂ ਬਾਅਦ ਅਮਰੀਕਾ ਅਤੇ ਰੂਸ ਵਿਚਕਾਰ ਇਹ ਪਹਿਲੀ ਸ਼ਿਖਰ ਵਾਰਤਾ ਹੋਵੇਗੀ। ਟਰੰਪ ਨੇ ਸੰਕੇਤ ਦਿੱਤੇ ਹਨ ਕਿ ਯੂਕਰੇਨ ਜੰਗ ਖਤਮ ਕਰਨ ਲਈ ਸੰਘਰਸ਼ ਵਿਰਾਮ ਸਮਝੌਤਾ ਹੁਣ ਪਹਿਲਾਂ ਨਾਲੋਂ ਕਾਫ਼ੀ ਨੇੜੇ ਹੈ। ਇਸ ਬਾਰੇ ਜਾਣਕਾਰੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟ੍ਰੁਥ ਸੋਸ਼ਲ’ ‘ਤੇ ਇੱਕ ਪੋਸਟ ਕਰਕੇ ਦਿੱਤੀ।
ਟਰੰਪ ਨੇ ਪੋਸਟ ਵਿੱਚ ਕੀ ਲਿਖਿਆ?
ਟਰੰਪ ਨੇ ਪੋਸਟ ਵਿੱਚ ਲਿਖਿਆ, “ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ‘ਤੇ ਮੇਰੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬਹੁਤ ਪ੍ਰਤੀਕਸ਼ਿਤ ਮੀਟਿੰਗ ਅਗਲੇ ਸ਼ੁੱਕਰਵਾਰ, 15 ਅਗਸਤ 2025 ਨੂੰ ਅਮਰੀਕਾ ਦੇ ਅਲਾਸਕਾ ਰਾਜ ਵਿੱਚ ਹੋਵੇਗੀ।” ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਇਹ ਮੀਟਿੰਗ ਪਹਿਲਾਂ ਹੋਣੀ ਸੀ, ਪਰ ਸੁਰੱਖਿਆ ਤਿਆਰੀਆਂ ਦੇ ਕਾਰਨ ਇਸਨੂੰ ਟਾਲਿਆ ਗਿਆ ਸੀ।
ਯੂਕਰੇਨ ਅਤੇ ਰੂਸ ਵਿਚਕਾਰ ਕੁਝ ਖੇਤਰਾਂ ਦਾ ਆਦਾਨ-ਪ੍ਰਦਾਨ ਸੰਭਵ
ਟਰੰਪ ਨੇ ਸੰਕੇਤ ਦਿੱਤਾ ਕਿ ਪ੍ਰਸਤਾਵਿਤ ਸ਼ਾਂਤੀ ਸਮਝੌਤੇ ਦੇ ਤਹਿਤ ਯੂਕਰੇਨ ਅਤੇ ਰੂਸ ਵਿਚਕਾਰ ਕੁਝ ਖੇਤਰਾਂ ਦਾ ਆਦਾਨ-ਪ੍ਰਦਾਨ ਹੋ ਸਕਦਾ ਹੈ। ਉਨ੍ਹਾਂ ਕਿਹਾ, “ਅਸੀਂ ਕੁਝ ਇਲਾਕੇ ਵਾਪਸ ਲਿਆਉਣ ਅਤੇ ਕੁਝ ਦੀ ਅਦਲਾ-ਬਦਲੀ ‘ਤੇ ਵਿਚਾਰ ਕਰ ਰਹੇ ਹਾਂ। ਇਹ ਆਸਾਨ ਨਹੀਂ ਹੈ, ਪਰ ਦੋਹਾਂ ਪੱਖਾਂ ਲਈ ਲਾਭਦਾਇਕ ਬਣਾਉਣ ਦੀ ਕੋਸ਼ਿਸ਼ ਹੋਵੇਗੀ।”
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੂਸ ਉਹ ਖੇਤਰ ਛੱਡਣ ਦੀ ਪੇਸ਼ਕਸ਼ ਕਰ ਸਕਦਾ ਹੈ ਜੋ ਉਸ ਵੱਲੋਂ ਕਬਜ਼ੇ ਕੀਤੇ ਚਾਰ ਵਿਵਾਦਿਤ ਖੇਤਰਾਂ ਤੋਂ ਬਾਹਰ ਹਨ।
“ਜਦੋਂ ਗੋਲੀਆਂ ਚਲਣ ਲੱਗਦੀਆਂ ਹਨ, ਤਾਂ ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ” – ਟਰੰਪ
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਇਹ ਸ਼ਾਂਤੀ ਵਾਰਤਾ ਦਾ ਆਖਰੀ ਮੌਕਾ ਹੈ, ਤਾਂ ਉਨ੍ਹਾਂ ਕਿਹਾ, “ਮੈਨੂੰ ‘ਆਖਰੀ ਮੌਕਾ’ ਕਹਿਣਾ ਪਸੰਦ ਨਹੀਂ। ਜਦੋਂ ਗੋਲੀਆਂ ਚਲਣ ਲੱਗਦੀਆਂ ਹਨ, ਤਾਂ ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।”