ਅਮਰੀਕਾ :- ਅਮਰੀਕਾ ਦੇ ਕੈਲੀਫੋਰਨੀਆ ਰਾਜ ਦੀ ਕੇਰਨ ਕਾਉਂਟੀ ਵਿੱਚ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਉਸ ਵੇਲੇ ਦਰਜ ਹੋਇਆ, ਜਦੋਂ 32 ਸਾਲਾ ਵਕੀਲ ਨਵਰਾਜ ਰਾਏ ਨੇ ਜੱਜ ਪ੍ਰੋ ਟੈਂਪੋਰ ਵਜੋਂ ਸਹੁੰ ਚੁੱਕੀ। ਇਸ ਨਾਲ ਉਹ ਕੇਰਨ ਕਾਉਂਟੀ ਦੀ ਨਿਆਂ ਪ੍ਰਣਾਲੀ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ।
ਸੁਪੀਰੀਅਰ ਕੋਰਟ ਵਿੱਚ ਕਰਵਾਇਆ ਗਿਆ ਸਹੁੰ ਸਮਾਗਮ
ਪਿਛਲੇ ਹਫ਼ਤੇ ਕੇਰਨ ਕਾਉਂਟੀ ਦੀ ਸੁਪੀਰੀਅਰ ਕੋਰਟ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਨਵਰਾਜ ਰਾਏ ਨੂੰ ਜੱਜ ਪ੍ਰੋ ਟੈਂਪੋਰ ਵਜੋਂ ਅਧਿਕਾਰਿਕ ਤੌਰ ’ਤੇ ਸਹੁੰ ਚੁਕਾਈ ਗਈ। ਸਮਾਗਮ ਵਿੱਚ ਕਾਨੂੰਨੀ ਖੇਤਰ ਨਾਲ ਜੁੜੀਆਂ ਹਸਤੀਆਂ, ਭਾਈਚਾਰੇ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਰਹੇ।
ਇਹ ਨਿਯੁਕਤੀ ਨਾ ਸਿਰਫ਼ ਸਿੱਖ ਭਾਈਚਾਰੇ ਲਈ, ਸਗੋਂ ਪੂਰੀ ਕਾਉਂਟੀ ਦੀ ਨਿਆਂ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਵੇਖੀ ਜਾ ਰਹੀ ਹੈ।
ਕਰਨ ਕਾਉਂਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਣਿਆ ਰਿਕਾਰਡ
ਨਵਰਾਜ ਰਾਏ ਕੇਰਨ ਕਾਉਂਟੀ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਹਨ, ਜਿਨ੍ਹਾਂ ਨੂੰ ਜੱਜ ਪ੍ਰੋ ਟੈਂਪੋਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਵਿਭਿੰਨਤਾ, ਸਮਾਨਤਾ ਅਤੇ ਭਾਈਚਾਰਕ ਭਰੋਸੇ ਦੀ ਦਿਸ਼ਾ ਵਿੱਚ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।
ਕੀ ਹੁੰਦਾ ਹੈ ਜੱਜ ਪ੍ਰੋ ਟੈਂਪੋਰ
ਕਾਬਿਲੇਗੌਰ ਹੈ ਕਿ ਜੱਜ ਪ੍ਰੋ ਟੈਂਪੋਰ ਅਸਲ ਵਿੱਚ ਪ੍ਰਾਈਵੇਟ ਵਕੀਲ ਹੁੰਦੇ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਕੁਝ ਨਿਰਧਾਰਿਤ ਮਾਮਲਿਆਂ ਦੀ ਸੁਣਵਾਈ ਲਈ ਅਸਥਾਈ ਤੌਰ ’ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਪ੍ਰਣਾਲੀ ਦਾ ਮੁੱਖ ਮਕਸਦ ਅਦਾਲਤਾਂ ’ਤੇ ਵਧ ਰਹੇ ਕੇਸਾਂ ਦੇ ਬੋਝ ਨੂੰ ਘਟਾਉਣਾ ਅਤੇ ਮਾਮਲਿਆਂ ਦਾ ਤੇਜ਼ ਨਿਪਟਾਰਾ ਯਕੀਨੀ ਬਣਾਉਣਾ ਹੁੰਦਾ ਹੈ।
ਸਹੁੰ ਸਮਾਗਮ ਨੇ ਬਦਲ ਦਿੱਤੀ ਸੋਚ – ਨਵਰਾਜ ਰਾਏ
ਸਹੁੰ ਚੁੱਕਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆਂ ਨਵਰਾਜ ਰਾਏ ਨੇ ਕਿਹਾ ਕਿ ਉਸ ਪਲ ਦੀ ਗੰਭੀਰਤਾ ਉਨ੍ਹਾਂ ਨੂੰ ਸਮਾਗਮ ਦੌਰਾਨ ਅਸਲ ਤੌਰ ’ਤੇ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਜਦੋਂ ਅਦਾਲਤ ਹਾਲ ਲੋਕਾਂ ਨਾਲ ਭਰਿਆ ਹੋਇਆ ਵੇਖਿਆ, ਤਾਂ ਸਮਝ ਆਇਆ ਕਿ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਕਲਪਨਾ ਤੋਂ ਕਈ ਗੁਣਾ ਵੱਡੀ ਹੈ।
ਜਨਤਕ ਭਰੋਸਾ ਬਣਾਈ ਰੱਖਣਾ ਸਭ ਤੋਂ ਵੱਡੀ ਤਰਜੀਹ
ਨਵਰਾਜ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਨਿਆਂ ਪ੍ਰਣਾਲੀ ’ਤੇ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਰੱਖਣਾ ਹੋਵੇਗੀ। ਉਨ੍ਹਾਂ ਕਿਹਾ ਕਿ ਇਨਸਾਫ਼ ਸਿਰਫ਼ ਹੋਣਾ ਹੀ ਨਹੀਂ, ਬਲਕਿ ਦਿਸਣਾ ਵੀ ਚਾਹੀਦਾ ਹੈ, ਤਾਂ ਜੋ ਹਰ ਨਾਗਰਿਕ ਨੂੰ ਅਦਾਲਤ ਉੱਤੇ ਪੂਰਾ ਭਰੋਸਾ ਬਣਿਆ ਰਹੇ।
ਭਾਈਚਾਰੇ ਨਾਲ ਸੰਵਾਦ ਤੋਂ ਮਿਲਦੀ ਹੈ ਪ੍ਰੇਰਣਾ
ਇੱਕ ਮੀਡੀਆ ਸੰਸਥਾ ਨਾਲ ਗੱਲਬਾਤ ਦੌਰਾਨ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਉਤਸ਼ਾਹ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਅਤੇ ਨਿਆਂ ਪ੍ਰਣਾਲੀ ਨੂੰ ਆਮ ਨਾਗਰਿਕਾਂ ਦੇ ਨੇੜੇ ਲਿਆਉਣ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਨਾਲ ਮਜ਼ਬੂਤ ਸੰਬੰਧ ਹੀ ਨਿਆਂ ਪ੍ਰਣਾਲੀ ਦੀ ਅਸਲੀ ਤਾਕਤ ਹੁੰਦੇ ਹਨ।
ਨਵਰਾਜ ਰਾਏ ਦੀ ਇਹ ਨਿਯੁਕਤੀ ਅਮਰੀਕਾ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਮਾਣ ਦਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਵੀ ਮੰਨੀ ਜਾ ਰਹੀ ਹੈ।

