ਨਵੀਂ ਦਿੱਲੀ :- ਐਤਵਾਰ ਰਾਤ ਅਲ-ਸ਼ਿਫ਼ਾ ਹਸਪਤਾਲ ਦੇ ਮੁੱਖ ਦਰਵਾਜ਼ੇ ਬਾਹਰ ਮੀਡੀਆ ਟੈਂਟ ‘ਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਮਲੇ ‘ਚ ਅਲ ਜਜ਼ੀਰਾ ਦੇ ਮਸ਼ਹੂਰ ਅਰਬੀ ਪੱਤਰਕਾਰ ਅਨਸ ਅਲ-ਸ਼ਰੀਫ਼ (28) ਸਮੇਤ ਕੁੱਲ ਸੱਤ ਲੋਕ ਮਾਰੇ ਗਏ। ਮਰਨ ਵਾਲਿਆਂ ‘ਚ ਅਲ ਜਜ਼ੀਰਾ ਦੇ ਸੰਵਾਦਦਾਤਾ ਮੋਹੰਮਦ ਕ੍ਰੀਕੇਹ, ਕੈਮਰਾ ਆਪਰੇਟਰ ਇਬ੍ਰਾਹੀਮ ਜਾਹਿਰ, ਮੋਹੰਮਦ ਨੌਫਲ ਅਤੇ ਮੋਮਨ ਅਲੀਵਾ ਵੀ ਸ਼ਾਮਲ ਹਨ। ਇਹ ਟੈਂਟ ਪੱਤਰਕਾਰਾਂ ਦਾ ਜਾਣਿਆ-ਪਛਾਣਿਆ ਇਕੱਠ ਸਥਾਨ ਸੀ।
ਅਲ-ਸ਼ਰੀਫ਼ ਦੀ ਆਖ਼ਰੀ ਪੋਸਟ ਅਤੇ ਵਸੀਅਤ
ਅਨਸ ਅਲ-ਸ਼ਰੀਫ਼ ਨੇ ਹਮਲੇ ਤੋਂ ਥੋੜ੍ਹੀ ਦੇਰ ਪਹਿਲਾਂ X (ਪੁਰਾਣਾ ਟਵਿੱਟਰ) ‘ਤੇ ਪੋਸਟ ਕਰਕੇ ਦੱਸਿਆ ਸੀ ਕਿ ਇਜ਼ਰਾਇਲ ਵੱਲੋਂ ਗਾਜ਼ਾ ਸਿਟੀ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ‘ਤੇ ਤੀਬਰ “ਫਾਇਰ ਬੈਲਟ” ਹਮਲੇ ਕੀਤੇ ਜਾ ਰਹੇ ਹਨ। ਉਸਦੀ ਆਖ਼ਰੀ ਵੀਡੀਓ ‘ਚ ਮਿਸਾਈਲਾਂ ਦੇ ਧਮਾਕੇ ਅਤੇ ਸੰਤਰੀ ਰੌਸ਼ਨੀ ਦੇ ਚਮਕਦੇ ਦ੍ਰਿਸ਼ ਨਜ਼ਰ ਆ ਰਹੇ ਸਨ।
6 ਅਪ੍ਰੈਲ ਨੂੰ ਲਿਖੇ ਇਕ ਸੁਨੇਹੇ ‘ਚ, ਜੋ ਉਸਨੇ ਆਪਣੀ ਮੌਤ ਦੀ ਸੂਰਤ ‘ਚ ਜਾਰੀ ਕਰਨ ਲਈ ਤਿਆਰ ਕੀਤਾ ਸੀ, ਅਲ-ਸ਼ਰੀਫ਼ ਨੇ ਲਿਖਿਆ ਕਿ ਉਸਨੇ ਹਮੇਸ਼ਾਂ “ਸੱਚ ਨੂੰ ਜਿਵੇਂ ਹੈ, ਤਿਵੇਂ ਕਿਹਾ” ਅਤੇ ਉਨ੍ਹਾਂ ਦੀ ਨਿੰਦਾ ਕੀਤੀ ਜੋ “ਚੁੱਪ” ਰਹੇ ਜਾਂ “ਸਾਡੇ ਕਤਲ ਨੂੰ ਕਬੂਲਿਆ।” ਉਸਨੇ ਆਪਣੀ ਪਤਨੀ ਬਯਾਨ ਅਤੇ ਬੱਚਿਆਂ ਸਲਾਹ ਅਤੇ ਸ਼ਾਮ ਨੂੰ ਨਾ ਦੇਖ ਪਾਉਣ ਦਾ ਦੁੱਖ ਵੀ ਜ਼ਾਹਿਰ ਕੀਤਾ।
ਅਲ ਜਜ਼ੀਰਾ ਦੀ ਤਿੱਖੀ ਨਿੰਦਾ
ਅਲ ਜਜ਼ੀਰਾ ਮੀਡੀਆ ਨੈਟਵਰਕ ਨੇ ਇਸ ਹਮਲੇ ਨੂੰ “ਸਪੱਸ਼ਟ ਅਤੇ ਸੋਚੀ-ਸਮਝੀ ਸਾਜ਼ਿਸ਼” ਕਹਿੰਦੇ ਹੋਏ ਕੜੀ ਨਿੰਦਾ ਕੀਤੀ। ਬਿਆਨ ‘ਚ ਕਿਹਾ ਗਿਆ ਕਿ ਇਹ ਹਮਲਾ ਗਾਜ਼ਾ ‘ਚ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਵੱਡੀ ਮੁਹਿੰਮ ਦਾ ਹਿੱਸਾ ਹੈ, ਜਿਸ ਨਾਲ ਹਜ਼ਾਰਾਂ ਨਾਗਰਿਕ ਮਾਰੇ ਗਏ, ਭੁੱਖਮਰੀ ਫੈਲੀ ਅਤੇ ਕਮਿਊਨਿਟੀਆਂ ਤਬਾਹ ਹੋਈਆਂ। ਅਲ ਜਜ਼ੀਰਾ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ “ਨਸਲਕੁਸ਼ੀ ਰੋਕਣ” ਅਤੇ ਦੋਸ਼ੀਆਂ ਨੂੰ ਕਾਨੂੰਨੀ ਸਜ਼ਾ ਦੇਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਇਜ਼ਰਾਇਲ ਦੇ ਦੋਸ਼ ਅਤੇ ਵਿਰੋਧੀ ਪੱਖ ਦੀ ਪ੍ਰਤੀਕ੍ਰਿਆ
ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਕਿ ਅਨਸ ਅਲ-ਸ਼ਰੀਫ਼ ਹਮਾਸ ਦਾ ਮੈਂਬਰ ਸੀ ਅਤੇ ਰਾਕੇਟ ਹਮਲਿਆਂ ਦੀ ਅਗਵਾਈ ਕਰਦਾ ਸੀ, ਅਤੇ ਇਸ ਬਾਰੇ “ਪੱਕਾ ਸਬੂਤ” ਮੌਜੂਦ ਹੈ। ਪਰ ਯੂਰੋ-ਮੇਡ ਹਿਊਮਨ ਰਾਈਟਸ ਮਾਨੀਟਰ ਦੇ ਮੁਹੰਮਦ ਸ਼ਹਾਦਾ ਨੇ ਇਸਨੂੰ “ਬੇਬੁਨਿਆਦ” ਕਹਿੰਦੇ ਹੋਏ ਖੰਡਨ ਕੀਤਾ। ਉਸਦੇ ਅਨੁਸਾਰ, ਅਲ-ਸ਼ਰੀਫ਼ ਦਾ ਸਾਰਾ ਦਿਨ ਕੈਮਰੇ ਸਾਹਮਣੇ ਖੜ੍ਹੇ ਹੋ ਕੇ ਰਿਪੋਰਟਿੰਗ ਕਰਨ ਵਿੱਚ ਲੰਘਦਾ ਸੀ।
ਪਿਛਲੇ ਮਹੀਨੇ, ਜਦੋਂ ਇਜ਼ਰਾਇਲੀ ਬੁਲਾਰੇ ਨੇ ਅਲ-ਸ਼ਰੀਫ਼ ‘ਤੇ ਹਮਾਸ ਨਾਲ ਸੰਬੰਧਤ ਹੋਣ ਦਾ ਦੋਸ਼ ਲਾਇਆ ਸੀ, ਤਾਂ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਿਪੋਰਟਰ ਆਇਰੀਨ ਖ਼ਾਨ ਨੇ ਚੇਤਾਵਨੀ ਦਿੱਤੀ ਸੀ ਕਿ ਗਾਜ਼ਾ ‘ਚ ਪੱਤਰਕਾਰਾਂ ਨੂੰ “ਬਿਨਾਂ ਸਬੂਤ” ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ।