ਕੈਨੇਡਾ :- ਵਿਦੇਸ਼ ਵਿੱਚ ਨੌਕਰੀ ਜਾਂ ਉੱਚ ਸਿੱਖਿਆ ਲਈ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੀ ਅਰਜ਼ੀ ਪ੍ਰਕਿਰਿਆ ਦੇ ਸਮੇਂ ਬਾਰੇ ਨਵਾਂ ਅਪਡੇਟ ਜਾਰੀ ਕੀਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਤੋਂ ਅਰਜ਼ੀ ਦੇਣ ਵਾਲਿਆਂ ਲਈ ਹੁਣ ਵੀਜ਼ਾ ਪ੍ਰਕਿਰਿਆ ਪਹਿਲਾਂ ਨਾਲੋਂ ਕੁਝ ਤੇਜ਼ ਹੋ ਗਈ ਹੈ, ਜਿਸ ਨਾਲ ਕੈਨੇਡਾ ਜਾਣ ਦੀ ਉਡੀਕ ਘੱਟ ਹੋ ਸਕਦੀ ਹੈ।
ਵਰਕ ਪਰਮਿਟ ਲਈ ਉਡੀਕ ਵਿੱਚ ਕਮੀ
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਭਾਰਤ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਪਹਿਲਾਂ ਕਰੀਬ ਅੱਠ ਹਫ਼ਤੇ ਤੱਕ ਉਡੀਕ ਕਰਨੀ ਪੈਂਦੀ ਸੀ। ਹੁਣ ਇਸ ਸਮੇਂ ਵਿੱਚ ਕਮੀ ਆਈ ਹੈ ਅਤੇ ਇਹ ਲਗਭਗ ਸੱਤ ਹਫ਼ਤਿਆਂ ਤੱਕ ਰਹਿ ਗਿਆ ਹੈ। ਇਸ ਤਬਦੀਲੀ ਨਾਲ ਉਹ ਭਾਰਤੀ ਨਾਗਰਿਕ, ਜਿਨ੍ਹਾਂ ਨੂੰ ਕੈਨੇਡਾ ਵਿੱਚ ਨੌਕਰੀ ਦੇ ਮੌਕੇ ਮਿਲੇ ਹੋਏ ਹਨ, ਉਹਨਾਂ ਲਈ ਪ੍ਰਕਿਰਿਆ ਕੁਝ ਹੱਦ ਤੱਕ ਆਸਾਨ ਹੋ ਸਕਦੀ ਹੈ।
ਕੁਝ ਹੋਰ ਦੇਸ਼ਾਂ ਲਈ ਪ੍ਰਕਿਰਿਆ ਲੰਬੀ
ਦੂਜੇ ਪਾਸੇ ਕੁਝ ਦੇਸ਼ਾਂ ਦੇ ਬਿਨੈਕਾਰਾਂ ਨੂੰ ਹਾਲੇ ਵੀ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਲਗਭਗ 30 ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਨਾਈਜੀਰੀਆ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਦੇ ਬਿਨੈਕਾਰਾਂ ਲਈ ਵੀ ਅਰਜ਼ੀਆਂ ਦੀ ਕਾਰਵਾਈ ਪਹਿਲਾਂ ਨਾਲੋਂ ਵੱਧ ਸਮਾਂ ਲੈ ਰਹੀ ਹੈ।
ਭਾਰਤੀ ਵਿਦਿਆਰਥੀਆਂ ਲਈ ਵੀ ਸੁਖਦਾਈ ਸਥਿਤੀ
ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਲਈ ਵੀ ਸਥਿਤੀ ਹੌਂਸਲਾ ਅਫਜ਼ਾਈ ਵਾਲੀ ਹੈ। ਭਾਰਤ ਤੋਂ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਆਮ ਤੌਰ ‘ਤੇ ਲਗਭਗ ਚਾਰ ਹਫ਼ਤਿਆਂ ਵਿੱਚ ਮਨਜ਼ੂਰੀ ਮਿਲ ਰਹੀ ਹੈ। ਇਸ ਕਾਰਨ ਉਹ ਵਿਦਿਆਰਥੀ ਜੋ ਆਉਣ ਵਾਲੇ ਦਾਖ਼ਲਾ ਸੈਸ਼ਨ ਲਈ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਸਮੇਂ ‘ਤੇ ਕੈਨੇਡਾ ਪਹੁੰਚਣ ਵਿੱਚ ਸਹੂਲਤ ਹੋ ਸਕਦੀ ਹੈ।
ਅਸਥਾਈ ਨਿਵਾਸ ਸ਼੍ਰੇਣੀ ਵਿੱਚ ਆਉਂਦੇ ਹਨ ਇਹ ਪਰਮਿਟ
ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੋਵੇਂ ਕੈਨੇਡਾ ਦੇ ਅਸਥਾਈ ਨਿਵਾਸ ਪ੍ਰੋਗਰਾਮਾਂ ਅਧੀਨ ਆਉਂਦੇ ਹਨ। ਇਸ ਤਹਿਤ ਵਿਅਕਤੀ ਨੂੰ ਇੱਕ ਨਿਰਧਾਰਿਤ ਸਮੇਂ ਲਈ ਹੀ ਦੇਸ਼ ਵਿੱਚ ਰਹਿਣ, ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਆਗਿਆ ਮਿਲਦੀ ਹੈ। ਨਵੀਂ ਪ੍ਰਕਿਰਿਆ ਦੇ ਨਾਲ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਇਹ ਤਬਦੀਲੀ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

