ਨਵੀਂ ਦਿੱਲੀ :- ਮੱਧ-ਪੂਰਬ ਵਿੱਚ ਵਧ ਰਹੇ ਜੰਗੀ ਤਣਾਅ ਦੇ ਦਰਮਿਆਨ ਦੱਖਣੀ ਇਰਾਨ ਦੇ ਖੇਤਰ ਵਿੱਚ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਚਿੰਤਾ ਦਾ ਮਾਹੌਲ ਬਣ ਗਿਆ, ਹਾਲਾਂਕਿ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।
4.1 ਤੀਬਰਤਾ ਦਾ ਦਰਜ ਕੀਤਾ ਗਿਆ ਭੂਚਾਲ
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਹ ਭੂਚਾਲ ਰਿਕਟਰ ਸਕੇਲ ’ਤੇ 4.1 ਤੀਬਰਤਾ ਦਾ ਸੀ। ਇਸ ਦਾ ਕੇਂਦਰ ਦੱਖਣੀ ਇਰਾਨ ਦੇ ਬੰਦਰ ਅੱਬਾਸ ਸ਼ਹਿਰ ਤੋਂ ਲਗਭਗ 74 ਕਿਲੋਮੀਟਰ ਪੱਛਮ ਵੱਲ ਦਰਜ ਕੀਤਾ ਗਿਆ। ਭੂਚਾਲ ਦੀ ਡੂੰਘਾਈ ਤਕਰੀਬਨ 10 ਕਿਲੋਮੀਟਰ ਹੇਠਾਂ ਮਾਪੀ ਗਈ ਹੈ।
ਕੁਦਰਤੀ ਕਾਰਨ ਮੰਨਿਆ ਜਾ ਰਿਹਾ ਭੂਚਾਲ
ਵਿਗਿਆਨਕ ਏਜੰਸੀਆਂ ਦੇ ਅਨੁਸਾਰ ਇਹ ਝਟਕੇ ਧਰਤੀ ਦੀ ਟੈਕਟੋਨਿਕ ਗਤੀਵਿਧੀ ਕਾਰਨ ਆਏ ਹਨ ਅਤੇ ਇਸ ਨੂੰ ਆਮ ਭੂਚਾਲ ਮੰਨਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਮੌਜੂਦਾ ਜੰਗੀ ਹਾਲਾਤਾਂ ਕਰਕੇ ਸੋਸ਼ਲ ਮੀਡੀਆ ’ਤੇ ਕੁਝ ਲੋਕ ਇਸ ਘਟਨਾ ਨੂੰ ਪ੍ਰਮਾਣੂ ਪਰੀਖਣ ਜਾਂ ਫੌਜੀ ਕਾਰਵਾਈ ਨਾਲ ਵੀ ਜੋੜ ਕੇ ਦੇਖ ਰਹੇ ਹਨ।
ਰਣਨੀਤਕ ਤੌਰ ’ਤੇ ਮਹੱਤਵਪੂਰਨ ਖੇਤਰ
ਜਿੱਥੇ ਇਹ ਝਟਕੇ ਮਹਿਸੂਸ ਕੀਤੇ ਗਏ ਉਹ ਖੇਤਰ ਰਣਨੀਤਕ ਪੱਖੋਂ ਵੀ ਮਹੱਤਵ ਰੱਖਦਾ ਹੈ। ਬੰਦਰ ਅੱਬਾਸ ਦੇ ਨੇੜੇ ਗਚੀਨ ਯੂਰੇਨੀਅਮ ਖਾਣ ਸਥਿਤ ਹੈ। ਫਿਲਹਾਲ ਕਿਸੇ ਵੀ ਪ੍ਰਮਾਣੂ ਸਹੂਲਤ ਜਾਂ ਸੰਵੇਦਨਸ਼ੀਲ ਸਥਾਨ ਨੂੰ ਨੁਕਸਾਨ ਪਹੁੰਚਣ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ।
ਜੰਗੀ ਤਣਾਅ ਕਾਰਨ ਵਧੀ ਚਿੰਤਾ
ਇਹ ਭੂਚਾਲ ਉਸ ਸਮੇਂ ਆਇਆ ਹੈ ਜਦੋਂ ਇਰਾਨ ਅਤੇ ਉਸ ਦੇ ਵਿਰੋਧੀ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਹੈ। ਰਿਪੋਰਟਾਂ ਮੁਤਾਬਕ ਇਜ਼ਰਾਈਲੀ ਫੌਜ ਵੱਲੋਂ ਤਹਿਰਾਨ ਸਮੇਤ ਕਈ ਸ਼ਹਿਰਾਂ ਵਿੱਚ ਹਮਲਿਆਂ ਦੀ ਨਵੀਂ ਲਹਿਰ ਚਲਾਈ ਗਈ ਹੈ, ਜਦਕਿ ਅਮਰੀਕਾ ਵੱਲੋਂ ਵੀ ਇਰਾਨ ਖ਼ਿਲਾਫ਼ ਕੜੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।
ਪੜੋਸੀ ਦੇਸ਼ਾਂ ਵਿੱਚ ਵੀ ਚੌਕਸੀ
ਇਸ ਤਣਾਅਪੂਰਨ ਸਥਿਤੀ ਕਾਰਨ ਕੁਵੈਤ, ਓਮਾਨ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਵਰਗੇ ਗੁਆਂਢੀ ਦੇਸ਼ਾਂ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਕੁਝ ਸ਼ਹਿਰਾਂ ਵਿੱਚ ਲੋਕਾਂ ਨੂੰ ਸੰਭਾਵਿਤ ਮਿਜ਼ਾਈਲ ਹਮਲਿਆਂ ਸਬੰਧੀ ਮੋਬਾਈਲ ਸੁਚੇਤਨਾਵਾਂ ਵੀ ਭੇਜੀਆਂ ਗਈਆਂ ਹਨ।
ਜੰਗ ਵਿੱਚ ਵਧ ਰਿਹਾ ਜਾਨੀ ਨੁਕਸਾਨ
ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਇਸ ਸੰਘਰਸ਼ ਵਿੱਚ ਇਰਾਨ ਵਿੱਚ ਹੁਣ ਤੱਕ 1,230 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਕਹਿ ਦਿੱਤਾ ਹੈ ਕਿ ਇਰਾਨ ਵੱਲੋਂ ਬਿਨਾਂ ਸ਼ਰਤ ਆਤਮ ਸਮਰਪਣ ਤੱਕ ਕਾਰਵਾਈ ਜਾਰੀ ਰਹੇਗੀ, ਜਿਸ ਕਾਰਨ ਇਹ ਟਕਰਾਅ ਹੋਰ ਲੰਬਾ ਖਿੱਚਣ ਦੇ ਅਸਾਰ ਨਜ਼ਰ ਆ ਰਹੇ ਹਨ।

