ਨਵੀਂ ਦਿੱਲੀ :- ਜਾਪਾਨ ਵਿੱਚ ਬੀਤੀ ਰਾਤ ਆਏ 7.5 ਮੈਗਨੀਟਿਊਡ ਦੇ ਭੂਚਾਲ ਨੇ ਤੱਟੀ ਇਲਾਕਿਆਂ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਸ਼ਕਤੀਸ਼ਾਲੀ ਝਟਕਿਆਂ ਤੋਂ ਬਾਅਦ ਸੁਨਾਮੀ ਦੀਆਂ ਲਹਿਰਾਂ ਵੀ ਕਿਨਾਰਿਆਂ ਨਾਲ ਟਕਰਾਈਆਂ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਹੁਣ ਤੱਕ 33 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸਥਿਤੀ ਸੰਭਾਲਣ ਲਈ PM ਦਾ ਤੁਰੰਤ ਐਕਸ਼ਨ
ਭੂਚਾਲ ਦੀ ਤੀਬਰਤਾ ਅਤੇ ਨੁਕਸਾਨ ਦਾ ਅੰਦਾਜ਼ਾ ਲੱਗਣ ਦੇ ਬਾਅਦ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਤੁਰੰਤ ਇੱਕ ਐਮਰਜੈਂਸੀ ਟਾਸਕ ਫੋਰਸ ਤੈਨਾਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪਹਿਲਾ ਮਕਸਦ ਜਾਨਾਂ ਦੀ ਰੱਖਿਆ ਕਰਨਾ ਹੈ ਅਤੇ ਰਾਹਤ ਕਾਰਜਾਂ ਨੂੰ ਕਿਸੇ ਵੀ ਕੀਮਤ ‘ਤੇ ਰੁਕਣ ਨਹੀਂ ਦਿਤਾ ਜਾਵੇਗਾ।
ਪ੍ਰਮਾਣੂ ਸੈਂਟਰਾਂ ਦੀ ਸੁਰੱਖਿਆ ਜਾਂਚ ਸ਼ੁਰੂ
ਸਰਕਾਰ ਨੇ ਸਾਵਧਾਨੀ ਕਦਮ ਵਜੋਂ ਪ੍ਰਭਾਵਿਤ ਇਲਾਕਿਆਂ ਦੇ ਨਿਊਕਲਿਅਰ ਪਲਾਂਟਾਂ ਦੀ ਤੁਰੰਤ ਸੇਫ਼ਟੀ ਇੰਸਪੈਕਸ਼ਨ ਦਾ ਹੁਕਮ ਜਾਰੀ ਕਰ ਦਿੱਤਾ। ਅਧਿਕਾਰੀਆਂ ਕਹਿ ਰਹੇ ਹਨ ਕਿ ਹੁਣ ਤੱਕ ਕਿਸੇ ਵੱਡੇ ਤਰ੍ਹਾਂ ਦੇ ਖ਼ਤਰੇ ਦੀ ਸੂਚਨਾ ਨਹੀਂ ਮਿਲੀ।
ਸੜਕਾਂ ਧਸੀਆਂ, ਇਮਾਰਤਾਂ ਨੁਕਸਾਨੀਆਂ — ਤਬਾਹੀ ਦੇ ਮੰਜ਼ਰ ਸਾਹਮਣੇ
ਫਾਇਰ ਅਤੇ ਆਫ਼ਤ ਪ੍ਰਬੰਧਨ ਏਜੰਸੀ ਦੇ ਅਨੁਸਾਰ ਕਈ ਇਲਾਕਿਆਂ ਵਿੱਚ ਸੜਕਾਂ ਟੁੱਟ ਗਈਆਂ ਅਤੇ ਇਮਾਰਤਾਂ ਦੇ ਹਿੱਸੇ ਢਹਿ ਗਏ। ਆਓਮੋਰੀ ਦੇ ਹਾਚਿਨੋਹੇ ਸ਼ਹਿਰ ਦੇ ਇੱਕ ਹੋਟਲ ਵਿੱਚ ਵੀ ਕਈ ਲੋਕ ਜ਼ਖਮੀ ਹੋਏ ਹਨ। ਤਸਵੀਰਾਂ ਅਤੇ ਵੀਡੀਓਜ਼ ਤਬਾਹੀ ਦੀ ਗੰਭੀਰਤਾ ਦਰਸਾ ਰਹੇ ਹਨ।
ਰਾਤ 11:15 ਵਜੇ ਆਇਆ ਝਟਕਾ, ਸੁਨਾਮੀ ਦੀਆਂ ਲਹਿਰਾਂ ਵੀ ਦਰਜ
ਭੂਚਾਲ ਦਾ ਕੇਂਦਰ ਹੋਨਸ਼ੂ ਟਾਪੂ ਦੇ ਨੇੜੇ, ਆਓਮੋਰੀ ਸੂਬੇ ਦੇ ਤੱਟ ਤੋਂ ਲਗਭਗ 80 ਕਿਲੋਮੀਟਰ ਦੂਰ ਅਤੇ 50 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਜਾਪਾਨੀ ਮੌਸਮ ਏਜੰਸੀ ਨੇ ਹਾਕਾਈਡੋ ਦੇ ਉਰਾਕਾਵਾ ਸ਼ਹਿਰ ਅਤੇ ਮੁਤਸੂ ਓਗਾਵਾਰਾ ਬੰਦਰਗਾਹ ‘ਤੇ 40 ਸੈਂਟੀਮੀਟਰ ਤੱਕ ਦੀ ਸੁਨਾਮੀ ਦਰਜ ਕੀਤੀ।
ਪ੍ਰਸ਼ਾਂਤ ਮਹਾਂਸਾਗਰ ਦੇ ਕਈ ਦੇਸ਼ਾਂ ਲਈ ਵੀ ਅਲਰਟ ਜਾਰੀ
ਭੂਚਾਲ ਤੋਂ ਬਾਅਦ ਜਾਪਾਨ ਸਮੇਤ ਪ੍ਰਸ਼ਾਂਤ ਮਹਾਂਸਾਗਰ ਦੇ ਇਲਾਕਿਆਂ ਵਿੱਚ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਅਧਿਕਾਰੀ ਅਗਲੇ ਕੁਝ ਘੰਟਿਆਂ ਤੱਕ ਸਮੁੰਦਰੀ ਹਿਲਜੁਲ ‘ਤੇ ਨਜ਼ਰ ਰੱਖ ਰਹੇ ਹਨ।।

