ਇੰਗਲੈਂਡ :- ਇੰਗਲੈਂਡ ਦੇ ਕੈਂਬਰਿਜਸ਼ਾਇਰ ਕਾਊਂਟੀ ’ਚ ਹੰਟਿੰਗਡਨ ਇਲਾਕੇ ਵਿੱਚ ਇਕ ਦਹਿਸ਼ਤਭਰੀ ਘਟਨਾ ਸਾਹਮਣੇ ਆਈ ਹੈ। ਡੌਨਕਾਸਟਰ ਤੋਂ ਲੰਡਨ ਕਿੰਗਜ਼ ਕ੍ਰਾਸ ਵੱਲ ਜਾ ਰਹੀ ਰੇਲਗੱਡੀ ’ਚ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਛੁਰੀਬਾਜ਼ੀ ਦੌਰਾਨ ਘੱਟੋ-ਘੱਟ 10 ਯਾਤਰੀ ਜ਼ਖ਼ਮੀ ਹੋਏ ਹਨ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ (BTP) ਅਨੁਸਾਰ, ਜ਼ਖ਼ਮੀਆਂ ਵਿੱਚੋਂ ਨੌਂ ਦੀ ਹਾਲਤ ਗੰਭੀਰ ਹੈ।
ਦੋ ਸ਼ੱਕੀ ਕਾਬੂ, ਕਾਊਂਟਰ ਟੈਰਰਿਜ਼ਮ ਯੂਨਿਟ ਵੀ ਸ਼ਾਮਲ
ਹਮਲੇ ਤੋਂ ਤੁਰੰਤ ਬਾਅਦ ਕਾਨੂੰਨੀ ਏਜੰਸੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ ਅਤੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਨੂੰ ਵੱਡੀ ਘਟਨਾ ਐਲਾਨਦਿਆਂ, ਕਾਊਂਟਰ ਟੈਰਰਿਜ਼ਮ ਪੁਲਿਸ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਟ੍ਰੇਨ ਨੂੰ ਹੰਟਿੰਗਡਨ ਸਟੇਸ਼ਨ ’ਤੇ ਰੋਕ ਕੇ ਪੁਲਿਸ ਅਤੇ ਐਮਰਜੈਂਸੀ ਟੀਮਾਂ ਵੱਲੋਂ ਕਾਰਵਾਈ ਕੀਤੀ ਗਈ।
ਪੁਲਿਸ ਨੇ ਜਾਰੀ ਕੀਤਾ ਬਿਆਨ
ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਦੇ ਚੀਫ਼ ਸੁਪਰਇੰਟੈਂਡੈਂਟ ਕ੍ਰਿਸ ਕੇਸੀ ਨੇ ਕਿਹਾ ਕਿ, “ਇਹ ਇਕ ਚੌਕਾਉਣ ਵਾਲੀ ਘਟਨਾ ਹੈ। ਸਾਡੇ ਵਿਚਾਰ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ ਇਸ ਬਾਰੇ ਅਟਕਲਾਂ ਲਗਾਉਣਾ ਠੀਕ ਨਹੀਂ ਹੋਵੇਗਾ।” ਉਨ੍ਹਾਂ ਕਿਹਾ ਕਿ ਸਟੇਸ਼ਨ ਅਤੇ ਨੇੜਲੇ ਇਲਾਕਿਆਂ ਵਿੱਚ ਸੁਰੱਖਿਆ ਲਈ ਰੋਡਬੰਦੀਆਂ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਤੇ ਗ੍ਰਿਹ ਮੰਤਰੀ ਵੱਲੋਂ ਪ੍ਰਤੀਕਿਰਿਆ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਇਸ ਘਟਨਾ ਨੂੰ “ਦਹਿਸ਼ਤਜਨਕ” ਕਹਿੰਦਿਆਂ ਜ਼ਖ਼ਮੀਆਂ ਨਾਲ ਹਮਦਰਦੀ ਜਤਾਈ ਅਤੇ ਐਮਰਜੈਂਸੀ ਟੀਮਾਂ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਯੂ.ਕੇ. ਦੀ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਕਿਹਾ ਕਿ ਉਹ ਮਾਮਲੇ ਬਾਰੇ ਨਿਯਮਿਤ ਰਿਪੋਰਟਾਂ ਪ੍ਰਾਪਤ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਜਾਂਚ ਜਾਰੀ, ਇਲਾਕੇ ’ਚ ਸੁਰੱਖਿਆ ਵਧਾਈ ਗਈ
ਪੁਲਿਸ ਨੇ ਹੰਟਿੰਗਡਨ ਸਟੇਸ਼ਨ ਅਤੇ ਨੇੜਲੇ ਇਲਾਕਿਆਂ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀਆਂ ਰੇਲ ਸੇਵਾਵਾਂ ਫਿਲਹਾਲ ਰੋਕ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਅਧਿਕਾਰਿਕ ਜਾਣਕਾਰੀ ਤੋਂ ਇਲਾਵਾ ਕਿਸੇ ਵੀ ਅਫ਼ਵਾ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

