ਕੈਨੇਡਾ :- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਅਧੀਨ ਆਉਂਦੇ ਸਰੀ ਸ਼ਹਿਰ ਵਿੱਚ ਵਧ ਰਹੀਆਂ ਫਿਰੌਤੀ ਅਤੇ ਹਿੰਸਕ ਵਾਰਦਾਤਾਂ ਨੇ ਪੂਰੇ ਭਾਈਚਾਰੇ ਨੂੰ ਦਹਿਸ਼ਤ ਵਿੱਚ ਧੱਕ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਰੀ ਸਿਟੀ ਕੌਂਸਲ ਨੇ ਸ਼ਹਿਰ ਵਿੱਚ ਸਥਾਨਕ ਐਮਰਜੈਂਸੀ ਲਾਗੂ ਕਰਨ ਦਾ ਐਤਿਹਾਸਿਕ ਫ਼ੈਸਲਾ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਦੀ ਕਿਸੇ ਚੁਣੀ ਹੋਈ ਮਿਊਂਸਪਲ ਕੌਂਸਲ ਨੇ ਅਪਰਾਧਾਂ ਖ਼ਿਲਾਫ਼ ਐਮਰਜੈਂਸੀ ਵਰਗਾ ਕਦਮ ਚੁੱਕਿਆ ਹੋਵੇ।
ਗੈਂਗਸਟਰਾਂ ਵੱਲੋਂ ਦੱਖਣੀ ਏਸ਼ੀਆਈ ਭਾਈਚਾਰਾ ਨਿਸ਼ਾਨੇ ’ਤੇ
ਪੁਲਿਸ ਅਤੇ ਖੁਫੀਆ ਰਿਪੋਰਟਾਂ ਮੁਤਾਬਕ ਫਿਰੌਤੀ ਦੇ ਮਾਮਲਿਆਂ ਪਿੱਛੇ ਸੰਗਠਿਤ ਅਪਰਾਧੀ ਗਿਰੋਹ ਸਰਗਰਮ ਹਨ, ਜੋ ਵੱਡੇ ਪੱਧਰ ’ਤੇ ਦੱਖਣੀ ਏਸ਼ੀਆਈ ਮੂਲ ਦੇ ਵਪਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਪਰਾਧੀ ਫੋਨ ਕਾਲਾਂ, ਵਾਇਸ ਨੋਟਾਂ, ਸੋਸ਼ਲ ਮੀਡੀਆ ਸੁਨੇਹਿਆਂ ਅਤੇ ਚਿੱਠੀਆਂ ਰਾਹੀਂ ਲੱਖਾਂ ਡਾਲਰਾਂ ਦੀ ਮੰਗ ਕਰਦੇ ਹਨ। ਰਕਮ ਅਦਾ ਨਾ ਕਰਨ ਦੀ ਸੂਰਤ ਵਿੱਚ ਕਾਰੋਬਾਰਕ ਸਥਾਨਾਂ ਅਤੇ ਰਹਾਇਸ਼ੀ ਘਰਾਂ ’ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।
ਅੰਕੜਿਆਂ ਨੇ ਵਧਾਈ ਚਿੰਤਾ
ਸਾਲ 2025 ਦੌਰਾਨ ਫਿਰੌਤੀ ਨਾਲ ਜੁੜੇ 44 ਮਾਮਲੇ ਦਰਜ ਹੋਏ ਸਨ, ਪਰ 2026 ਦੇ ਸਿਰਫ਼ ਪਹਿਲੇ ਤਿੰਨ ਹਫ਼ਤਿਆਂ ਵਿੱਚ ਹੀ 35 ਕੇਸ ਸਾਹਮਣੇ ਆ ਜਾਣਾ ਪ੍ਰਸ਼ਾਸਨ ਲਈ ਵੱਡੀ ਚੇਤਾਵਨੀ ਬਣ ਗਿਆ ਹੈ।ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਸਾਲ ਦੇ ਅੰਤ ਤੱਕ ਇਹ ਗਿਣਤੀ ਸੈਂਕੜਿਆਂ ਤੋਂ ਉੱਪਰ ਜਾ ਸਕਦੀ ਹੈ।
ਮੇਅਰ ਬਰੈਂਡਾ ਲੋਕ ਨੇ ਸੰਘੀ ਸਰਕਾਰ ਕੋਲ ਮੰਗੀ ਦਖ਼ਲਅੰਦਾਜ਼ੀ
ਸਰੀ ਦੀ ਮੇਅਰ ਬਰੈਂਡਾ ਲੋਕ ਨੇ 26 ਜਨਵਰੀ ਨੂੰ ਕੌਂਸਲ ਮੀਟਿੰਗ ਦੌਰਾਨ ਕਿਹਾ ਕਿ ਸ਼ਹਿਰ ਦੇ ਮੌਜੂਦਾ ਸਰੋਤ ਅਪਰਾਧ ਦੇ ਇਸ ਜਾਲ ਨੂੰ ਤੋੜਨ ਲਈ ਕਾਫ਼ੀ ਨਹੀਂ ਰਹੇ। ਉਨ੍ਹਾਂ ਨੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਪੱਧਰ ’ਤੇ ਐਮਰਜੈਂਸੀ ਲਗਾਈ ਜਾਵੇ। ਨਾਲ ਹੀ ਇੱਕ ਵਿਸ਼ੇਸ਼ ਐਕਸਟੌਰਸ਼ਨ ਕਮਿਸ਼ਨਰ ਨਿਯੁਕਤ ਕਰਨ, ਗੈਰ-ਨਾਗਰਿਕ ਦੋਸ਼ੀਆਂ ਨੂੰ ਤੁਰੰਤ ਡਿਪੋਰਟ ਕਰਨ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਦੀ ਮੰਗ ਕੀਤੀ ਗਈ ਹੈ।
ਕੈਫੇ ’ਤੇ ਤਿੰਨ ਵਾਰ ਗੋਲੀਬਾਰੀ, ਲੋਕਾਂ ’ਚ ਗੁੱਸਾ
ਸਰੀ ਦੇ ਮਸ਼ਹੂਰ ‘ਕੈਪਸ ਕੈਫੇ’ ’ਤੇ ਕੁਝ ਦਿਨਾਂ ਦੇ ਅੰਦਰ ਤਿੰਨ ਵਾਰ ਹੋਈ ਗੋਲੀਬਾਰੀ ਨੇ ਅਪਰਾਧੀਆਂ ਦੀ ਨਿਡਰਤਾ ਨੂੰ ਬੇਨਕਾਬ ਕਰ ਦਿੱਤਾ ਹੈ।ਇਨ੍ਹਾਂ ਘਟਨਾਵਾਂ ਤੋਂ ਬਾਅਦ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਈ ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਹਾਲਾਤ ਬੇਕਾਬੂ ਹੋਏ ਹਨ, ਜਿਸਨੂੰ ਕੁਝ ਲੋਕ ਨਸਲੀ ਅਣਗਹਿਲੀ ਨਾਲ ਵੀ ਜੋੜ ਰਹੇ ਹਨ।
ਸੂਚਨਾ ਦੇਣ ਵਾਲਿਆਂ ਲਈ ਵੱਡਾ ਇਨਾਮ
ਸਰੀ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਤੱਕ ਪਹੁੰਚਣ ਲਈ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 2 ਲੱਖ 50 ਹਜ਼ਾਰ ਡਾਲਰ ਤੱਕ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਮੇਅਰ ਨੇ ਦੋ ਟੁੱਕ ਕਿਹਾ ਹੈ ਕਿ ਇਹ ਸਿਰਫ਼ ਇੱਕ ਸ਼ਹਿਰ ਦੀ ਸਮੱਸਿਆ ਨਹੀਂ ਰਹੀ, ਸਗੋਂ ਕੈਨੇਡਾ ਦੀ ਅੰਦਰੂਨੀ ਸੁਰੱਖਿਆ ਨਾਲ ਜੁੜਿਆ ਰਾਸ਼ਟਰੀ ਮੁੱਦਾ ਬਣ ਚੁੱਕਾ ਹੈ।

