ਟੋਰਾਂਟੋ :- ਗ੍ਰੇਟਰ ਟੋਰਾਂਟੋ ਏਰੀਆ ਵਿੱਚ ਟੋ-ਟਰੱਕ ਇੰਡਸਟਰੀ ਨਾਲ ਜੁੜੇ ਲਗਾਤਾਰ ਵਧ ਰਹੇ ਹਿੰਸਕ ਟਕਰਾਵਾਂ ਨੇ ਹੁਣ ਟੋਰਾਂਟੋ ਪੁਲਸ ਨੂੰ ਹੀ ਕਟਘਰੇ ਵਿੱਚ ਲਿਆ ਖੜ੍ਹਾ ਕੀਤਾ ਹੈ। ਟੋ-ਟਰੱਕ ਮਾਫੀਆ ਨਾਲ ਸੰਬੰਧਤ ਇੱਕ ਵੱਡੀ ਜਾਂਚ ਦੌਰਾਨ ਟੋਰਾਂਟੋ ਪੁਲਸ ਦੇ 9 ਅਫਸਰਾਂ ਦੇ ਨਾਮ ਸਾਹਮਣੇ ਆਉਣ ਨਾਲ ਪੁਲਸ ਮਹਿਕਮੇ ਵਿੱਚ ਹਲਚਲ ਮਚ ਗਈ ਹੈ।
ਤਸਕਰੀ, ਕਾਤਲਾਂ ਨੂੰ ਜਾਣਕਾਰੀ ਤੇ ਗੁਪਤ ਡਾਟਾ ਲੀਕ ਕਰਨ ਦੇ ਦੋਸ਼
ਸੂਤਰਾਂ ਮੁਤਾਬਕ ਇਨ੍ਹਾਂ ਅਫਸਰਾਂ ’ਤੇ ਅਪਰਾਧਿਕ ਗਿਰੋਹਾਂ ਨਾਲ ਸਾਂਝ ਬਣਾਉਣ, ਤਸਕਰੀ ਨਾਲ ਜੁੜੇ ਲੈਣ-ਦੇਣ, ਕਾਂਟ੍ਰੈਕਟ ਕਿਲਰਾਂ ਨੂੰ ਪਤੇ ਸੌਂਪਣ ਅਤੇ ਆਪਣੇ ਹੀ ਸਾਥੀ ਪੁਲਸ ਅਫਸਰਾਂ ਦੀ ਨਿੱਜੀ ਜਾਣਕਾਰੀ ਲੀਕ ਕਰਨ ਵਰਗੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ GTA ਵਿੱਚ ਟੋ-ਟਰੱਕ ਉਦਯੋਗ ਅੰਦਰ ਚੱਲ ਰਹੀ ਅੰਡਰਵਰਲਡ ਲੜਾਈ ਨਾਲ ਜੋੜ ਕੇ ਵੇਖੇ ਜਾ ਰਹੇ ਹਨ।
ਜਾਂਚ ’ਚ ਕਤਲ ਦੀ ਸਾਜ਼ਿਸ਼ ਦਾ ਵੀ ਖੁਲਾਸਾ
ਯਾਰਕ ਰੀਜਨਲ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਦੇ ਇੱਕ ਯੂਨਿਟ ਕਮਾਂਡਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੀ ਹੱਤਿਆ ਦੀ ਯੋਜਨਾ ਤੱਕ ਤਿਆਰ ਕੀਤੀ ਸੀ। ਦੋਸ਼ ਹੈ ਕਿ ਅਪਰਾਧੀਆਂ ਨੂੰ ਪੁਲਸ ਅੰਦਰੋਂ ਹੀ ਨਾਜ਼ੁਕ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਮੁਹੱਈਆ ਕਰਵਾਈਆਂ ਗਈਆਂ।
ਵੀਰਵਾਰ ਨੂੰ ਪ੍ਰੈਸ ਕਾਨਫਰੰਸ, ਪੁਲਸ ਚੀਫ ਵੀ ਹੋਣਗੇ ਸ਼ਾਮਲ
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੀਰਵਾਰ ਨੂੰ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ, ਜਿਸ ਵਿੱਚ ਟੋਰਾਂਟੋ ਪੁਲਸ ਚੀਫ ਮਾਈਰਨ ਡੈਮਕਿਵ ਦੀ ਹਾਜ਼ਰੀ ਵੀ ਨਿਸ਼ਚਿਤ ਮੰਨੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪੁਲਸ ਵੱਲੋਂ ਮਾਮਲੇ ਸਬੰਧੀ ਅਧਿਕਾਰਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਦੋ ਅਫਸਰ ਅਦਾਲਤ ’ਚ ਪੇਸ਼, ਬਾਕੀਆਂ ਦੀ ਵਾਰੀ ਅੱਜ
ਸੂਤਰਾਂ ਅਨੁਸਾਰ ਦੋ ਅਫਸਰਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ‘ਪ੍ਰਾਮਿਸ ਟੂ ਅਪੀਅਰ’ ਦੇ ਅਧਾਰ ’ਤੇ ਅਸਥਾਈ ਰਿਹਾਈ ਮਿਲੀ। ਬਾਕੀ ਅਫਸਰਾਂ ਦੀ ਅਦਾਲਤੀ ਪੇਸ਼ੀ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਟੋ-ਟਰੱਕ ਹਿੰਸਾ ਨੇ ਟੋਰਾਂਟੋ ਨੂੰ ਕੀਤਾ ਹਿਲਾ
ਟੋਰਾਂਟੋ ਵਿੱਚ ਟੋ-ਟਰੱਕ ਇੰਡਸਟਰੀ ਨਾਲ ਜੁੜੀ ਹਿੰਸਾ ਪਿਛਲੇ ਕੁਝ ਸਾਲਾਂ ਤੋਂ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸਿਰਫ਼ ਸਾਲ 2024 ਦੌਰਾਨ ਹੀ ਇਸ ਨਾਲ ਸੰਬੰਧਤ 63 ਗੋਲੀਬਾਰੀ ਦੀਆਂ ਘਟਨਾਵਾਂ ਦਰਜ ਹੋਈਆਂ, ਜੋ ਸ਼ਹਿਰ ਵਿੱਚ ਹੋਈਆਂ ਕੁੱਲ ਫਾਇਰਿੰਗ ਘਟਨਾਵਾਂ ਦਾ ਲਗਭਗ 13 ਫੀਸਦੀ ਹਿੱਸਾ ਬਣਦੀਆਂ ਹਨ।
ਹਿੰਸਾ ਰੋਕਣ ਲਈ ਬਣੀ ਸੀ ਵਿਸ਼ੇਸ਼ ਟਾਸਕ ਫੋਰਸ
ਇਸ ਵਧਦੇ ਅਪਰਾਧਕ ਰੁਝਾਨ ’ਤੇ ਕਾਬੂ ਪਾਉਣ ਲਈ ਟੋਰਾਂਟੋ ਪੁਲਸ ਵੱਲੋਂ ਪਿਛਲੇ ਸਾਲ ਇੱਕ ਖ਼ਾਸ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਸੀ, ਪਰ ਤਾਜ਼ਾ ਖੁਲਾਸਿਆਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੀ ਭੂਮਿਕਾ ਖੁਦ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

