ਨਿਊਜ਼ੀਲੈਂਡ :- ਟੌਰੰਗਾ ਸ਼ਹਿਰ ਵਿੱਚ ਸਿੱਖ ਸੰਗਤ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਕੁਝ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਦੀ ਚੁਸਤ ਤਾਇਨਾਤੀ ਅਤੇ ਸੰਗਤ ਦੇ ਸੰਜਮ ਕਾਰਨ ਸਮਾਗਮ ਬਿਨਾਂ ਕਿਸੇ ਬੇਅਦਬੀ ਦੇ ਸੰਪੰਨ ਹੋ ਗਿਆ।
ਨੀਲੇ ਕੱਪੜਿਆਂ ਅਤੇ ਬੈਨਰਾਂ ਨਾਲ ਸਾਹਮਣੇ ਆਏ ਅਨਸਰ
ਜਾਣਕਾਰੀ ਮੁਤਾਬਕ ਕੁਝ ਸਥਾਨਕ ਮਾਓਰੀ ਨੌਜਵਾਨ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਅਤੇ ਹੱਥਾਂ ਵਿੱਚ ਬੈਨਰ ਲੈ ਕੇ ਨਗਰ ਕੀਰਤਨ ਦੇ ਰਸਤੇ ਨੇੜੇ ਇਕੱਠੇ ਹੋਏ। ਇਨ੍ਹਾਂ ਵੱਲੋਂ ਕੁਝ ਸਮੇਂ ਲਈ ਰਵਾਇਤੀ ਹਾਕਾ ਕੀਤਾ ਗਿਆ, ਜਿਸ ਨਾਲ ਕੁਝ ਸਮੇਂ ਲਈ ਤਣਾਅਪੂਰਨ ਸਥਿਤੀ ਬਣੀ।
ਵਾਪਸੀ ਰਸਤੇ ‘ਤੇ ਫਿਰ ਬਣੀ ਸਥਿਤੀ
ਨਗਰ ਕੀਰਤਨ ਜਦੋਂ ਪਹਿਲਾ ਪੜਾਅ ਪੂਰਾ ਕਰਕੇ ਵਾਪਸੀ ਵੱਲ ਵਧ ਰਿਹਾ ਸੀ, ਤਾਂ ਪਤਾ ਲੱਗਾ ਕਿ ਉਹੀ ਅਨਸਰ, ਜਿਨ੍ਹਾਂ ਨੇ ਪਹਿਲਾਂ ਔਕਲੈਂਡ ਵਿੱਚ ਨਗਰ ਕੀਰਤਨ ਦੌਰਾਨ ਖਲਲ ਪਾਇਆ ਸੀ, ਵਾਪਸੀ ਦੇ ਰੂਟ ‘ਤੇ ਦੁਬਾਰਾ ਇਕੱਠੇ ਹੋ ਰਹੇ ਹਨ। ਇਸ ਨੂੰ ਦੇਖਦਿਆਂ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਰਸਤਾ ਬਦਲਣ ਦੀ ਸਲਾਹ ਦਿੱਤੀ।
ਪੁਲਿਸ ਦਾ ਘੇਰਾ, ਸੰਗਤ ਪੂਰੀ ਤਰ੍ਹਾਂ ਸੁਚੇਤ
ਜਦੋਂ ਨਗਰ ਕੀਰਤਨ ਅੱਗੇ ਵਧਿਆ ਤਾਂ ਸ਼ਰਾਰਤੀ ਅਨਸਰ ਦੂਜੇ ਪਾਸੇ ਖੜ੍ਹ ਕੇ ਹਾਕਾ ਕਰਨ ਲੱਗੇ। ਪੁਲਿਸ ਨੇ ਤੁਰੰਤ ਸੁਰੱਖਿਆ ਘੇਰਾ ਬਣਾਇਆ, ਜਦਕਿ ਸੰਗਤ ਨੇ ਪੂਰਾ ਸੰਜਮ ਬਰਕਰਾਰ ਰੱਖਿਆ। ਕੁਝ ਮਿੰਟਾਂ ਬਾਅਦ ਉਹ ਨੌਜਵਾਨ ਥਾਂ ਛੱਡ ਕੇ ਚਲੇ ਗਏ।
ਸ਼ਾਂਤੀਪੂਰਵਕ ਤਰੀਕੇ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ ਨਗਰ ਕੀਰਤਨ
ਸਿੱਖ ਕੌਂਸਿਲ ਆਫ ਨਿਊਜ਼ੀਲੈਂਡ ਦੇ ਮੈਂਬਰਾਂ ਨੇ ਦੱਸਿਆ ਕਿ ਟੌਰੰਗਾ ਵਿੱਚ ਹੋਈ ਇਹ ਘਟਨਾ ਔਕਲੈਂਡ ਨਾਲ ਤੁਲਨਾ ਕਰੀਏ ਤਾਂ ਬਹੁਤ ਹੀ ਘੱਟ ਪੱਧਰ ਦੀ ਸੀ। ਨਗਰ ਕੀਰਤਨ ਬਿਨਾਂ ਕਿਸੇ ਰੁਕਾਵਟ ਦੇ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਸੰਗਤ ਸੁਰੱਖਿਅਤ ਤਰੀਕੇ ਨਾਲ ਵਾਪਸ ਲੌਟੀ।
ਮਾਮਲੇ ਦੇ ਪਿੱਛੇ ਬ੍ਰਾਇਨ ਟਾਮਾਕੀ ਦਾ ਨਾਂਅ
ਸੂਤਰਾਂ ਅਨੁਸਾਰ ਇਸ ਪੂਰੇ ਮਾਮਲੇ ਦੇ ਪਿੱਛੇ ਬ੍ਰਾਇਨ ਟਾਮਾਕੀ ਨਾਂਅ ਦੇ ਵਿਅਕਤੀ ਦੀ ਭੂਮਿਕਾ ਸਾਹਮਣੇ ਆ ਰਹੀ ਹੈ, ਜਿਸ ਵੱਲੋਂ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਸਥਿਤੀ ‘ਤੇ ਨਿਗਰਾਨੀ ਜਾਰੀ ਹੈ।

