ਉੱਤਰੀ ਐਰੀਜ਼ੋਨਾ :- ਅਮਰੀਕਾ ਦੇ ਉੱਤਰੀ ਐਰੀਜ਼ੋਨਾ ਵਿੱਚ ਇਕ ਮੈਡੀਕਲ ਟ੍ਰਾਂਸਪੋਰਟ ਜਹਾਜ਼ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਇਹ ਜਹਾਜ਼ ਨਿਊ ਮੈਕਸੀਕੋ ਦੇ ਐਲਬੂਕਰਕ ਸਥਿਤ ਸੀਐੱਸਆਈ ਏਵੀਏਸ਼ਨ ਕੰਪਨੀ ਦਾ ਸੀ, ਜੋ ਇਕ ਮਰੀਜ਼ ਨੂੰ ਲੈਣ ਲਈ ਚਿਨਲੇ ਹਵਾਈ ਅੱਡੇ ਵੱਲ ਉਡਾਣ ਭਰ ਰਿਹਾ ਸੀ।
ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦੇ ਕਰੈਸ਼ ਕਰਦੇ ਹੀ ਉਸ ਨੂੰ ਅੱਗ ਲੱਗ ਗਈ। ਇਹ ਹਾਦਸਾ ਫਲੈਗਸਟਾਫ ਤੋਂ ਲਗਭਗ 321 ਕਿਲੋਮੀਟਰ ਉੱਤਰ-ਪੂਰਬ ਵੱਲ ਵਾਪਰਿਆ। ਮਾਰੇ ਗਏ ਲੋਕਾਂ ਵਿੱਚ ਤਿੰਨ ਮੈਡੀਕਲ ਕਰਮਚਾਰੀ ਸਨ, ਜੋ ਹਸਪਤਾਲੀ ਇਮਦਾਦ ਦੇ ਕਾਰਜ ‘ਚ ਸ਼ਾਮਲ ਸਨ।
ਉਤਰਦੇ ਸਮੇਂ ਹੋਈ ਭਿਆਨਕ ਟੱਕਰ
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ, ਜਹਾਜ਼ ਬੀਚਕ੍ਰਾਫਟ 300 ਹਵਾਈ ਅੱਡੇ ‘ਤੇ ਉਤਰਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਹਾਦਸਾਗ੍ਰਸਤ ਹੋ ਗਿਆ। ਨੈਸ਼ਨਲ ਟ੍ਰਾਂਸਪੋਰਟ ਸੇਫਟੀ ਬੋਰਡ (NTSB) ਅਤੇ FAA ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਅਜੇ ਤੱਕ ਹਾਦਸੇ ਦੇ ਸਪਸ਼ਟ ਕਾਰਣ ਬਾਰੇ ਕੋਈ ਪੁਸ਼ਟੀ ਨਹੀਂ ਹੋਈ।
ਜਾਨ ਵਾਰ ਕੇ ਹੋਰਾਂ ਦੀ ਜਾਨ ਬਚਾਈ
ਨਵਾਜੋ ਟ੍ਰਾਈਬ ਦੇ ਚੇਅਰਮੈਨ ਬੂ ਨਾਈਗ੍ਰੇਨ ਨੇ ਇਸ ਹਾਦਸੇ ‘ਤੇ ਗਹਿਰੀ ਸੋਗ ਪ੍ਰਗਟਾਈ। ਉਨ੍ਹਾਂ ਕਿਹਾ, “ਇਹ ਉਹ ਲੋਕ ਸਨ ਜਿਨ੍ਹਾਂ ਨੇ ਦੂਜਿਆਂ ਦੀ ਜ਼ਿੰਦਗੀ ਲਈ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਦੀ ਕਮੀ ਨੂੰ ਡੂੰਘਾਈ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ।”
ਜ਼ਿਲ੍ਹਾ ਪੁਲਿਸ ਕਮਾਂਡਰ ਐਮੇਟ ਯਾਜ਼ੀ ਨੇ ਵੀ ਪੁਸ਼ਟੀ ਕੀਤੀ ਕਿ ਜਹਾਜ਼ ਉਤਰਣ ਦੀ ਕੋਸ਼ਿਸ਼ ਦੌਰਾਨ ਹੀ ਟੱਕਰ ਹੋਈ ਤੇ ਕੁਝ ਤਕਨੀਕੀ ਗੜਬੜ ਹੋਣ ਦੀ ਸੰਭਾਵਨਾ ਜਤਾਈ।
ਪਿਛਲੇ ਕੁਝ ਮਹੀਨਿਆਂ ‘ਚ ਅਜਿਹੇ ਹੋਰ ਹਾਦਸੇ ਵੀ ਹੋਏ
ਜਨਵਰੀ 2025 ਵਿੱਚ ਫਿਲਾਡੇਲਫੀਆ ਵਿੱਚ ਇਕ ਹੋਰ ਮੈਡੀਕਲ ਟ੍ਰਾਂਸਪੋਰਟ ਜਹਾਜ਼ ਕਰੈਸ਼ ਹੋਇਆ ਸੀ, ਜਿਸ ਵਿੱਚ 8 ਲੋਕਾਂ ਦੀ ਮੌਤ ਹੋਈ ਸੀ। ਉਸ ਵੇਲੇ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਜਹਾਜ਼ ਦਾ ਵੌਇਸ ਰਿਕਾਰਡਰ ਕੰਮ ਨਹੀਂ ਕਰ ਰਿਹਾ ਸੀ।
ਉੱਤਰੀ ਕੈਰੋਲੀਨਾ ਵਿੱਚ ਵੀ 2 ਅਗਸਤ ਨੂੰ ਇੱਕ ਛੋਟਾ ਜਹਾਜ਼ ਓਕ ਆਈਲੈਂਡ ਨੇੜੇ ਸਮੁੰਦਰ ਵਿੱਚ ਕਰੈਸ਼ ਹੋ ਗਿਆ ਸੀ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਲੋਕ ਟਾਪੂ ਦੇ ਕੰਢੇ ’ਤੇ ਸੈਰ ਕਰ ਰਹੇ ਸਨ।