ਨਵੀਂ ਦਿੱਲੀ :- ਯੂਨਾਈਟਿਡ ਕਿੰਗਡਮ ਦੇ ਵੋਲਵਰਹੈਂਪਟਨ ਵਿੱਚ ਰੇਲਵੇ ਸਟੇਸ਼ਨ ਬਾਹਰ ਦੋ ਸਿੱਖ ਨੌਜਵਾਨਾਂ ’ਤੇ ਕਿਸ਼ੋਰ ਉਮਰ ਦੇ ਨੌਜਵਾਨਾਂ ਵੱਲੋਂ ਨਸਲੀ ਹਮਲਾ ਕੀਤਾ ਗਿਆ। ਇਹ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਈ, ਜਿਸ ਵਿੱਚ ਹਮਲਾਵਰਾਂ ਵੱਲੋਂ ਸਿੱਖ ਨੌਜਵਾਨਾਂ ਨੂੰ ਜ਼ਮੀਨ ’ਤੇ ਸੁੱਟ ਕੇ ਬਾਰ-ਬਾਰ ਲੱਤਾਂ ਮਾਰਦਿਆਂ ਦਿਖਾਇਆ ਗਿਆ। ਹਮਲੇ ਦੌਰਾਨ ਉਨ੍ਹਾਂ ਦੀਆਂ ਪੱਗਾਂ ਵੀ ਡਿੱਗ ਗਈਆਂ।
ਤਿੰਨ ਕਿਸ਼ੋਰ ਗ੍ਰਿਫ਼ਤਾਰ, ਫਿਰ ਜ਼ਮਾਨਤ ’ਤੇ ਰਿਹਾਅ
ਇਸ ਮਾਮਲੇ ਵਿੱਚ ਤਿੰਨ ਕਿਸ਼ੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ। ਘਟਨਾ ਨੇ ਵਿਦੇਸ਼ੀ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਅਤੇ ਨਿਆਂ ਦੀ ਮੰਗ ਜ਼ੋਰਾਂ ਨਾਲ ਉਠ ਰਹੀ ਹੈ।
ਸੁਖਬੀਰ ਬਾਦਲ ਦੀ ਪ੍ਰਤੀਕ੍ਰਿਆ
ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨਸਲੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਵਿਦੇਸ਼ ਮਾਮਲੇ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਯੂਕੇ ਸਰਕਾਰ ਨਾਲ ਇਹ ਮਾਮਲਾ ਚੁੱਕਿਆ ਜਾਵੇ ਤਾਂ ਜੋ ਉੱਥੇ ਵੱਸ ਰਹੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣ ਸਕੇ।
ਉਨ੍ਹਾਂ ਕਿਹਾ ਕਿ “ਇਹ ਨਸਲੀ ਹੇਟ ਕਰਾਈਮ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਹਮੇਸ਼ਾਂ ਸਰਬੱਤ ਦਾ ਭਲਾ ਚਾਹੁੰਦਾ ਹੈ। ਸਿੱਖ ਭਾਈਚਾਰਾ ਆਪਣੀ ਦਇਆ ਤੇ ਸੇਵਾ ਭਾਵਨਾ ਲਈ ਜਾਣਿਆ ਜਾਂਦਾ ਹੈ ਅਤੇ ਉਸਨੂੰ ਦੁਨੀਆ ਭਰ ਵਿੱਚ ਇੱਜ਼ਤ ਤੇ ਸੁਰੱਖਿਆ ਮਿਲਣੀ ਚਾਹੀਦੀ ਹੈ।”
ਬਾਦਲ ਨੇ ਪੱਛਮੀ ਮਿਡਲੈਂਡਜ਼ ਪੁਲਿਸ ਤੇ ਯੂਕੇ ਹੋਮ ਆਫਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਵਿਦੇਸ਼ ਵੱਸਦੇ ਸਿੱਖਾਂ ਨੂੰ ਇੱਕ-ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ।
ਸਥਾਨਕ ਸੰਸਦ ਮੈਂਬਰ ਦਾ ਬਿਆਨ
ਇਸ ਘਟਨਾ ’ਤੇ ਵੋਲਵਰਹੈਂਪਟਨ ਦੀ ਸਥਾਨਕ MP ਸੁਰੀਨਾ ਬ੍ਰੈਕਨਰਿਜ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਮਾਮਲੇ ਬਾਰੇ ਜਾਣਕਾਰੀ ਰੱਖਦੇ ਹਨ, ਉਹ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਜਾਂ ਪੁਲਿਸ ਹਾਟਲਾਈਨ ਰਾਹੀਂ ਗੁਪਤ ਤੌਰ ’ਤੇ ਜਾਣਕਾਰੀ ਦੇ ਸਕਦੇ ਹਨ।
ਉਨ੍ਹਾਂ ਆਪਣੀ ਆਨਲਾਈਨ ਪੋਸਟ ਵਿੱਚ ਲਿਖਿਆ ਕਿ “ਮੈਂ ਇਸ ਘਟਨਾ ਤੋਂ ਜਾਣੂ ਹਾਂ, ਜੋ ਵੋਲਵਰਹੈਂਪਟਨ ਰੇਲਵੇ ਸਟੇਸ਼ਨ ਵਿਖੇ ਵਾਪਰੀ ਹੈ। ਮੇਰੇ ਵਿਚਾਰ ਸਾਰੇ ਪ੍ਰਭਾਵਿਤ ਲੋਕਾਂ ਦੇ ਨਾਲ ਹਨ।”