ਚੰਡੀਗੜ੍ਹ :- ਪੰਜਾਬ ਵਿੱਚ ਐਤਵਾਰ ਨੂੰ ਮੌਸਮ ਨੇ ਅਚਾਨਕ ਪਲਟਾ ਖਾਧਾ। ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਕਮੀ ਆਈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਲੁਧਿਆਣਾ ਵਿੱਚ 25.6 ਮਿਲੀਮੀਟਰ ਮੀਂਹ ਦਰਜ ਹੋਇਆ।
ਸੋਮਵਾਰ ਨੂੰ ਵੀ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ, ਸੋਮਵਾਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਪੈ ਸਕਦੀ ਹੈ। ਖ਼ਾਸ ਕਰਕੇ ਲੁਧਿਆਣਾ ਅਤੇ ਨੇੜਲੇ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ।
ਕਿਹੜੇ ਜ਼ਿਲ੍ਹਿਆਂ ਵਿੱਚ ਹੋ ਸਕਦੀ ਹੈ ਬਾਰਿਸ਼
15 ਸਤੰਬਰ ਲਈ ਜਾਰੀ ਅਨੁਮਾਨ ਅਨੁਸਾਰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸੁੱਕਾ ਰਹਿਣ ਦੀ ਉਮੀਦ ਹੈ।
16 ਤੋਂ 18 ਸਤੰਬਰ ਤੱਕ ਹੋ ਸਕਦਾ ਹੈ ਵੱਡਾ ਬਦਲਾਅ
ਮੌਸਮ ਵਿਭਾਗ ਦੇ ਮੁਤਾਬਕ 16, 17 ਅਤੇ 18 ਸਤੰਬਰ ਨੂੰ ਪੰਜਾਬ ਦੇ ਉੱਤਰੀ, ਕੇਂਦਰੀ ਅਤੇ ਕੁਝ ਦੱਖਣੀ ਹਿੱਸਿਆਂ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਚੰਡੀਗੜ੍ਹ, ਲੁਧਿਆਣਾ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ ਅਤੇ ਰੂਪਨਗਰ ਵਿੱਚ ਦਰਮਿਆਨੀ ਬਾਰਿਸ਼ ਦੇ ਅਸਾਰ ਹਨ।
19 ਸਤੰਬਰ ਤੋਂ ਮੁੜ ਸਰਗਰਮ ਹੋਵੇਗਾ ਮਾਨਸੂਨ
ਵਿਭਾਗ ਨੇ ਦੱਸਿਆ ਕਿ 16 ਤੋਂ 18 ਸਤੰਬਰ ਤੱਕ ਬਾਰਿਸ਼ ਦੇ ਬਾਅਦ ਮੌਸਮ ਕੁਝ ਹੱਦ ਤੱਕ ਸਾਫ਼ ਰਹੇਗਾ। ਪਰ 19 ਸਤੰਬਰ ਤੋਂ ਮਾਨਸੂਨ ਮੁੜ ਸਰਗਰਮ ਹੋਵੇਗਾ, ਜਿਸ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਫਿਰ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।