ਚੰਡੀਗੜ੍ਹ :- ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਆਮ ਜੀਵਨ ਨੂੰ ਬਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਠੰਡੀ ਹਵਾਵਾਂ ਅਤੇ ਘੱਟ ਤਾਪਮਾਨ ਦਰਮਿਆਨ ਹੁਣ ਮੌਸਮ ਵਿਭਾਗ ਨੇ ਮੀਂਹ ਅਤੇ ਸੰਘਣੀ ਧੁੰਦ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਅਨੁਸਾਰ ਸੂਬੇ ਵਿੱਚ 18 ਤੋਂ 20 ਦਸੰਬਰ ਤੱਕ ਮੌਸਮ ਦਾ ਮਿਜ਼ਾਜ ਬਦਲਿਆ ਰਹੇਗਾ ਅਤੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ।
18 ਨੂੰ ਹਲਕੀ ਬੂੰਦਾਬਾਂਦੀ, 19–20 ਨੂੰ ਤੇਜ਼ ਮੀਂਹ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਮੁਤਾਬਕ 18 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ, ਪਰ 19 ਅਤੇ 20 ਦਸੰਬਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਠੰਡ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
20 ਤਾਰੀਖ਼ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ
ਮੀਂਹ ਦੇ ਨਾਲ-ਨਾਲ ਮੌਸਮ ਵਿਭਾਗ ਨੇ 20 ਦਸੰਬਰ ਤੱਕ ਸੰਘਣੀ ਧੁੰਦ ਪੈਣ ਬਾਰੇ ਵੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਪਟਿਆਲਾ ਵਿੱਚ ਸਵੇਰੇ ਅਤੇ ਦੇਰ ਰਾਤ ਘਣੀ ਧੁੰਦ ਰਹਿ ਸਕਦੀ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਨਵੇਂ ਪੱਛਮੀ ਪ੍ਰਭਾਅ ਨਾਲ ਸਰਹੱਦੀ ਜ਼ਿਲ੍ਹਿਆਂ ’ਚ ਬਾਰਿਸ਼
ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇੱਕ ਨਵਾਂ ਪੱਛਮੀ ਪ੍ਰਭਾਅ ਪੰਜਾਬ ਦੇ ਮੌਸਮ ’ਤੇ ਅਸਰ ਦਿਖਾਏਗਾ। ਇਸ ਕਾਰਨ 20 ਦਸੰਬਰ ਨੂੰ ਸਰਹੱਦੀ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

