ਚੰਡੀਗੜ੍ਹ :- ਪੰਜਾਬ ਦੀਆਂ ਤਿੰਨ ਮੁੱਖ ਯੂਨੀਵਰਸਿਟੀਆਂ—ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ—ਹੁਣ ਅਗਲੇ ਅਕਾਦਮਿਕ ਸੈਸ਼ਨ 2026–27 ਤੋਂ ਇੱਕੋ ਜਿਹਾ ਅਕਾਦਮਿਕ ਕੈਲੰਡਰ ਮੰਨਣਗੀਆਂ। ਉੱਚ ਸਿੱਖਿਆ ਵਿਭਾਗ ਨੇ ਇਸ ਸਬੰਧੀ ਦੋਟੋਕ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਯੂਨੀਵਰਸਿਟੀਆਂ ਨੂੰ ਨਵੀਂ ਲੜੀਬੱਧ ਪ੍ਰਣਾਲੀ ਲਈ ਤਿਆਰੀ ਕਰਨ ਨੂੰ ਕਿਹਾ ਹੈ।
ਹੁਣ ਦਾਖਲਾ ਸਿਰਫ਼ ਇੱਕ ਸਰਕਾਰੀ ਪੋਰਟਲ ਰਾਹੀਂ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਤਿੰਨੋਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸੰਬੰਧਤ ਕਾਲਜਾਂ ਵਿੱਚ ਯੂਜੀ ਤੇ ਪੀਜੀ ਦਾਖਲੇ ਹੁਣ ਇੱਕ ਸਿੰਗਲ ਔਨਲਾਈਨ ਪੋਰਟਲ ਰਾਹੀਂ ਹੋਣਗੇ। ਇਸ ਵਿੱਚ ਅਰਜ਼ੀ, ਮੈਰਿਟ ਸੂਚੀ, ਕਾਉਂਸਲਿੰਗ ਅਤੇ ਸੀਟ ਅਲਾਟਮੈਂਟ ਸਾਰਾ ਪ੍ਰਕਿਰਿਆ ਕੇਂਦਰੀ ਤੌਰ ‘ਤੇ ਚੱਲੇਗੀ। ਮੌਜੂਦਾ ਸਮੇਂ ‘ਚ ਤਿੰਨਾਂ ਯੂਨੀਵਰਸਿਟੀਆਂ ਵੱਖ-ਵੱਖ ਪੋਰਟਲ ਚਲਾਉਂਦੀਆਂ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਤਿੰਨ ਵੱਲ਼ੀਆਂ ਔਨਲਾਈਨ ਅਰਜ਼ੀਆਂ ਭਰਨੀਆਂ ਪੈਂਦੀਆਂ ਹਨ ਅਤੇ ਅਕਸਰ ਦਾਖਲਾ ਜਾਂ ਪ੍ਰੀਖਿਆ ਦੀਆਂ ਤਾਰੀਖਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ। ਨਵਾਂ ਮਾਡਲ ਇਸ ਪੂਰੀ ਗੁੰਝਲ ਨੂੰ ਖਤਮ ਕਰੇਗਾ।
ਇਕਸਾਰ ਕੈਲੰਡਰ ਨਾਲ ਛੁੱਟੀਆਂ ਤੋਂ ਲੈ ਕੇ ਪ੍ਰੀਖਿਆਵਾਂ ਤੱਕ ਹਰ ਤਾਰੀਖ ਹੁਣ ਇੱਕੋ ਜਿਹੀ
ਨਵੀਂ ਪ੍ਰਣਾਲੀ ਅਧੀਨ:
-
ਦਾਖਲਾ ਸਮਾਂ-ਸਾਰਣੀ
-
ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ
-
ਜਨਤਕ ਛੁੱਟੀਆਂ ਦਾ ਕੈਲੰਡਰ
-
ਯੂਜੀ–ਪੀਜੀ ਪ੍ਰੀਖਿਆ ਦੀਆਂ ਤਾਰੀਖਾਂ
ਹੁਣ ਤਿੰਨਾਂ ਯੂਨੀਵਰਸਿਟੀਆਂ ਵਿੱਚ ਇੱਕੋ ਰਹਿਣਗੀਆਂ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਸਹੂਲਤ ਹੋਵੇਗੀ, ਸਗੋਂ ਕਾਲਜ ਵਿਭਾਗਾਂ ਦਾ ਕੰਮ ਵੀ ਇੱਕ ਸਿੰਗਲ ਟਾਈਮਲਾਈਨ ਤੇ ਆ ਜਾਵੇਗਾ।
ਕੋਰਸ ਬਦਲਣ ਤੇ ਮਾਈਗ੍ਰੇਸ਼ਨ ਦੀ ਮੁਸ਼ਕਲ ਹੱਲ ਹੋਏਗੀ
ਅਜੇ ਤੱਕ ਹਰ ਯੂਨੀਵਰਸਿਟੀ ਦੇ ਵੱਖ-ਵੱਖ ਨਿਯਮਾਂ ਅਤੇ ਤਾਰਿਖਾਂ ਕਾਰਨ ਵਿਦਿਆਰਥੀਆਂ ਨੂੰ ਕੋਰਸ ਬਦਲਣ ਜਾਂ ਕਿਸੇ ਹੋਰ ਯੂਨੀਵਰਸਿਟੀ ‘ਚ ਮਾਈਗ੍ਰੇਟ ਕਰਨ ‘ਚ ਮੁਸ਼ਕਲ ਆਉਂਦੀ ਸੀ।
ਇਕਸਾਰ ਕੈਲੰਡਰ ਲਾਗੂ ਹੋਣ ਨਾਲ ਇਹ ਬਾਧਾ ਵੀ ਹਟ ਜਾਵੇਗੀ ਅਤੇ ਇੱਕ ਯੂਨੀਵਰਸਿਟੀ ਤੋਂ ਦੂਜੇ ‘ਚ ਟ੍ਰਾਂਸਫਰ ਦੀ ਪ੍ਰਕਿਰਿਆ ਕਾਫ਼ੀ ਸਰਲ ਹੋ ਜਾਵੇਗੀ।
ਨਵੀਂ ਕੇਂਦਰੀਕ੍ਰਿਤ ਪ੍ਰਣਾਲੀ ਕਿਵੇਂ ਕੰਮ ਕਰੇਗੀ
ਉੱਚ ਸਿੱਖਿਆ ਵਿਭਾਗ ਦੇ ਅਨੁਸਾਰ:
-
ਵਿਦਿਆਰਥੀ ਸਰਕਾਰੀ ਔਨਲਾਈਨ ਪੋਰਟਲ ‘ਤੇ ਇੱਕੋ ਅਰਜ਼ੀ ਦੇਣਗੇ
-
ਸੀਟ ਵੰਡ ਅਤੇ ਕਾਉਂਸਲਿੰਗ ਇੱਕ ਕਾਮਨ ਪਲੇਟਫਾਰਮ ਤੇ ਹੋਵੇਗੀ
-
ਹਰ ਕਾਲਜ ਵਿੱਚ ਖਾਲੀ ਸੀਟਾਂ ਦੀ ਸਥਿਤੀ ਰੀਅਲ-ਟਾਈਮ ਵਿੱਚ ਅਪਡੇਟ ਹੋਵੇਗੀ
-
ਦਸਤਾਵੇਜ਼ਾਂ ਦੀ ਤਸਦੀਕ ਪੂਰੀ ਤਰ੍ਹਾਂ ਡਿਜਿਟਲ ਰਹੇਗੀ
ਉੱਚ ਸਿੱਖਿਆ ਵਿਭਾਗ ਨੇ ਇਹ ਪੱਤਰ ਤਿੰਨਾਂ ਯੂਨੀਵਰਸਿਟੀਆਂ ਦੀਆਂ ਕਾਲਜ ਵਿਕਾਸ ਕੌਂਸਲਾਂ ਨੂੰ ਭੇਜ ਕੇ ਤਿਆਰੀ ਜ਼ੋਰਾਂ ‘ਤੇ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਹੈ।

