ਚੰਡੀਗੜ੍ਹ :- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੀ ਨੈਸ਼ਨਲ ਐਲਿਜੀਬਿਲਿਟੀ ਟੈਸਟ (NET) ਦਸੰਬਰ 2025 ਸੈਸ਼ਨ ਦਾ ਨਤੀਜਾ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਨਤੀਜੇ ਅਧਿਕਾਰਤ ਵੈੱਬਸਾਈਟ ugcnet.nta.ac.in ’ਤੇ ਉਪਲਬਧ ਹਨ। ਇਸ ਵਾਰ ਹਜ਼ਾਰਾਂ ਉਮੀਦਵਾਰਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਲਈ ਅਕਾਦਮਿਕ ਅਤੇ ਰਿਸਰਚ ਖੇਤਰਾਂ ਵਿੱਚ ਨਵੇਂ ਮੌਕੇ ਬਣੇ ਹਨ।
ਕਿੰਨੇ ਉਮੀਦਵਾਰ ਕਾਮਯਾਬ
ਜਾਰੀ ਅੰਕੜਿਆਂ ਮੁਤਾਬਕ, 5,108 ਉਮੀਦਵਾਰ JRF ਅਤੇ ਅਸਿਸਟੈਂਟ ਪ੍ਰੋਫੈਸਰ ਦੋਵਾਂ ਲਈ ਯੋਗ ਕਰਾਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, 54,713 ਉਮੀਦਵਾਰਾਂ ਨੂੰ ਸਹਾਇਕ ਪ੍ਰੋਫੈਸਰ ਅਤੇ ਪੀਐਚਡੀ ਦਾਖਲਿਆਂ ਲਈ ਯੋਗ ਘੋਸ਼ਿਤ ਕੀਤਾ ਗਿਆ ਹੈ, ਜਦਕਿ 1,17,058 ਉਮੀਦਵਾਰ ਸਿਰਫ਼ ਪੀਐਚਡੀ ਲਈ ਪਾਸ ਹੋਏ ਹਨ।
JRF ਨਾਲ ਰਿਸਰਚ ਦਾ ਮਜ਼ਬੂਤ ਰਸਤਾ
ਜੂਨੀਅਰ ਰਿਸਰਚ ਫੈਲੋਸ਼ਿਪ (JRF) ਪਾਸ ਕਰਨ ਵਾਲੇ ਉਮੀਦਵਾਰ ਪੀਐਚਡੀ ਦੌਰਾਨ ਰਿਸਰਚ ਨੂੰ ਆਪਣਾ ਕਰੀਅਰ ਬਣਾ ਸਕਦੇ ਹਨ। JRF ਦੇ ਤਹਿਤ ਕਰੀਬ 37 ਹਜ਼ਾਰ ਰੁਪਏ ਮਹੀਨਾਵਾਰ ਸਟਾਈਪੈਂਡ ਮਿਲਦਾ ਹੈ, ਜੋ ਰਿਸਰਚ ਕੰਮ ਲਈ ਵੱਡੀ ਮਦਦ ਸਾਬਤ ਹੁੰਦਾ ਹੈ।
ਸੀਨੀਅਰ ਰਿਸਰਚ ਫੈਲੋਸ਼ਿਪ ਦਾ ਮੌਕਾ
JRF ਦੇ ਦੋ ਸਾਲ ਪੂਰੇ ਕਰਨ ਤੋਂ ਬਾਅਦ ਯੋਗ ਉਮੀਦਵਾਰਾਂ ਨੂੰ ਸੀਨੀਅਰ ਰਿਸਰਚ ਫੈਲੋਸ਼ਿਪ (SRF) ਮਿਲ ਸਕਦੀ ਹੈ। SRF ਹੇਠ ਤਿੰਨ ਸਾਲਾਂ ਲਈ ਲਗਭਗ 42 ਹਜ਼ਾਰ ਰੁਪਏ ਮਹੀਨਾਵਾਰ ਗ੍ਰਾਂਟ ਪ੍ਰਦਾਨ ਕੀਤੀ ਜਾਂਦੀ ਹੈ।
ਰਿਸਰਚ ਲਈ ਵਾਧੂ ਗ੍ਰਾਂਟਾਂ
ਰਿਸਰਚ ਸਕਾਲਰਾਂ ਨੂੰ ਸਟਾਈਪੈਂਡ ਤੋਂ ਇਲਾਵਾ ਕੰਟੀਜੈਂਸੀ ਗ੍ਰਾਂਟ ਵੀ ਮਿਲਦੀ ਹੈ। ਇਹ ਗ੍ਰਾਂਟ ਵਿਸ਼ੇ ਅਨੁਸਾਰ ਵੱਖ-ਵੱਖ ਹੁੰਦੀ ਹੈ, ਜਿਸ ਨਾਲ ਰਿਸਰਚ ਸਮੱਗਰੀ ਅਤੇ ਹੋਰ ਖਰਚੇ ਪੂਰੇ ਕਰਨ ਵਿੱਚ ਸਹੂਲਤ ਮਿਲਦੀ ਹੈ।
ਟੀਚਿੰਗ ਖੇਤਰ ਵਿੱਚ ਨੌਕਰੀ ਦੇ ਚਾਂਸ
UGC NET ਪਾਸ ਉਮੀਦਵਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਜਾਂ ਲੈਕਚਰਾਰ ਬਣ ਸਕਦੇ ਹਨ। ਸਰਕਾਰੀ ਸੰਸਥਾਵਾਂ ਵਿੱਚ ਸ਼ੁਰੂਆਤੀ ਤਨਖਾਹ ਕਰੀਬ 57 ਹਜ਼ਾਰ ਤੋਂ 1 ਲੱਖ ਰੁਪਏ ਤੱਕ ਹੋ ਸਕਦੀ ਹੈ, ਜਦਕਿ ਨਿੱਜੀ ਖੇਤਰ ਵਿੱਚ ਵੀ ਵਧੀਆ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ।
ਪਬਲਿਕ ਸੈਕਟਰ ਅਤੇ ਰਿਸਰਚ ਸੰਸਥਾਵਾਂ ਵਿੱਚ ਮੌਕੇ
NET ਯੋਗ ਉਮੀਦਵਾਰ CSIR, ICMR, ICAR, DRDO ਵਰਗੀਆਂ ਪ੍ਰਮੁੱਖ ਰਿਸਰਚ ਸੰਸਥਾਵਾਂ ਨਾਲ ਨਾਲ ONGC, NTPC, IOCL ਅਤੇ BHEL ਜਿਹੀਆਂ ਸਰਕਾਰੀ ਕੰਪਨੀਆਂ ਵਿੱਚ ਵੀ ਅਰਜ਼ੀ ਦੇ ਸਕਦੇ ਹਨ। ਇਸ ਤਰ੍ਹਾਂ UGC NET ਪਾਸ ਕਰਨਾ ਕਰੀਅਰ ਲਈ ਕਈ ਦਰਵਾਜ਼ੇ ਖੋਲ੍ਹਦਾ ਹੈ।

