ਹਰਿਆਣਾ: ਗੁਰੁਗ੍ਰਾਮ ਪੁਲਸ ਦੇ ਚਾਰ ਜਵਾਨ ਛੱਤੀਸਗੜ੍ਹ ਵਿੱਚ ਛਾਪੇਮਾਰੀ ਲਈ ਜਾ ਰਹੇ ਸਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਦੋ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਹਾਦਸਾ ਐਤਵਾਰ ਰਾਤ 10 ਤੋਂ 10:15 ਵਜੇ ਦੇ ਦਰਮਿਆਨ ਹਮੀਰਪੁਰ ਦੇ ਰਠ ਥਾਣਾ ਇਲਾਕੇ ਦੇ ਘਮੌਰੀ ਪਿੰਡ ਨੇੜੇ ਹੋਇਆ। ਪੁਲਸ ਦੀ ਕਾਰ ਇਕ ਲੋਹੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਕਾਰ ਢਹਿ ਕੇ ਪੂਰੀ ਤਰ੍ਹਾਂ ਤਬਾਹ ਹੋ ਗਈ। ਮਾਰੇ ਗਏ ਜਵਾਨਾਂ ਦੀ ਪਛਾਣ ਸਬ ਇੰਸਪੈਕਟਰ ਸੰਜੇ ਕੁਮਾਰ ਸਿੰਘ ਅਤੇ ਕਾਂਸਟੇਬਲ ਅਮਿਤ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਇੰਦਰਜੀਤ ਅਤੇ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਸ਼ਾਮਲ ਹਨ। ਰਾਜੇਸ਼ ਹੀ ਵਾਹਨ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਇੰਦਰਜੀਤ ਨੂੰ ਕਾਨਪੁਰ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਦਕਿ ਰਾਜੇਸ਼ ਦਾ ਇਲਾਜ ਹਮੀਰਪੁਰ ਹਸਪਤਾਲ ਵਿੱਚ ਚੱਲ ਰਿਹਾ ਹੈ।
ਇਹ ਚਾਰੇ ਜਵਾਨ ਗੁਰੁਗ੍ਰਾਮ ਸੈਕਟਰ-40 ਦੀ ਕਰਾਈਮ ਬਰਾਂਚ ਯੂਨਿਟ ‘ਚ ਤਾਇਨਾਤ ਸਨ ਅਤੇ ਸ਼ਿਵਾਜੀ ਨਗਰ ਥਾਣੇ ਵਿੱਚ ਦਰਜ ਇੱਕ ਮਾਮਲੇ ਸਬੰਧੀ ਛੱਤੀਸਗੜ੍ਹ ਵਿੱਚ ਰੇਡ ਲਈ ਜਾ ਰਹੇ ਸਨ।
ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਗੁਰੁਗ੍ਰਾਮ ਦੇ ਏਸੀਪੀ (ਕਰਾਈਮ) ਮੁਕੇਸ਼ ਕੁਮਾਰ ਹਮੀਰਪੁਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੌਤ ਹੋਏ ਜਵਾਨਾਂ ਦੇ ਪੋਸਟਮਾਰਟਮ ਤੋਂ ਬਾਅਦ ਸ਼ਰੀਰਾਂ ਨੂੰ ਗੁਰੁਗ੍ਰਾਮ ਲਿਆਉਣ ਦੀ ਕਾਰਵਾਈ ਜਾਰੀ ਹੈ।
ਹਾਦਸੇ ਦੀ ਜਾਂਚ ਸਥਾਨਿਕ ਪੁਲਸ ਕਰ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੈੱਡ ਕਾਂਸਟੇਬਲ ਰਾਜੇਸ਼ ਨੇ ਰਸਤੇ ‘ਚ ਆਏ ਕਿਸੇ ਆਵਾਰਾ ਜਾਨਵਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੋਵੇ। ਟਰੈਕਟਰ ਅਤੇ ਲੋਹੇ ਨਾਲ ਭਰੀ ਟਰਾਲੀ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ, ਪਰ ਡਰਾਈਵਰ ਮੌਕੇ ਤੋਂ ਭੱਜ ਗਿਆ। ਹਾਲੇ ਤੱਕ ਕਿਸੇ ਦੇ ਖ਼ਿਲਾਫ ਐਫ.ਆਈ.ਆਰ. ਦਰਜ ਨਹੀਂ ਹੋਈ।