ਚੰਡੀਗੜ੍ਹ :- ਪੰਜਾਬ ਵਿੱਚ ਨਾਬਾਲਿਗ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਮਾਛੀਵਾੜਾ ਅਤੇ ਬਰਨਾਲਾ ਤੋਂ ਸਾਹਮਣੇ ਆਏ ਦੋ ਵੱਖ-ਵੱਖ ਮਾਮਲਿਆਂ ਨੇ ਸਮਾਜ ਨੂੰ ਝੰਝੋੜ ਕੇ ਰੱਖ ਦਿੱਤਾ ਹੈ, ਜਿੱਥੇ ਦਰਿੰਦਗੀ ਨੇ ਇਨਸਾਨੀਅਤ ਦੀਆਂ ਹੱਦਾਂ ਲੰਘ ਦਿੱਤੀਆਂ।
ਮਾਛੀਵਾੜਾ: ਕਿਰਾਏਦਾਰ ਦੀ 9 ਸਾਲਾ ਧੀ ਨਾਲ ਮਕਾਨ ਮਾਲਕ ਦੀ ਹੈਵਾਨੀਅਤ
ਮਾਛੀਵਾੜਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਕਿਰਾਏਦਾਰ ਪਰਿਵਾਰ ਦੀ 9 ਸਾਲਾ ਬੱਚੀ ਨਾਲ ਮਕਾਨ ਮਾਲਕ ਵੱਲੋਂ ਬਲਾਤਕਾਰ ਕਰਨ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਬੱਚੀ ਦੀ ਮਾਤਾ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ, ਉਹ ਪਰਿਵਾਰ ਸਮੇਤ ਇੱਕ ਘਰ ਵਿੱਚ ਕਿਰਾਏ ‘ਤੇ ਰਹਿੰਦੇ ਹਨ, ਜਿੱਥੇ ਮਕਾਨ ਮਾਲਕ ਵੀ ਉਸੇ ਘਰ ਵਿੱਚ ਵਸਦਾ ਹੈ।
ਮਾਤਾ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਰੋਜ਼ਾਨਾ ਦਿਹਾੜੀ ਮਜ਼ਦੂਰੀ ਲਈ ਘਰੋਂ ਬਾਹਰ ਜਾਂਦੇ ਹਨ, ਜਦਕਿ ਬੱਚੇ ਘਰ ਵਿੱਚ ਰਹਿੰਦੇ ਹਨ। 11 ਦਸੰਬਰ ਨੂੰ ਜਦੋਂ ਬੱਚੀ ਕਮਰੇ ਵਿੱਚ ਇਕੱਲੀ ਸੀ, ਤਦ ਮਕਾਨ ਮਾਲਕ ਉਸਦੇ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਉਸ ਨਾਲ ਜਬਰਦਸਤੀ ਗਲਤ ਕੰਮ ਕੀਤਾ। ਦੋਸ਼ੀ ਵੱਲੋਂ ਬੱਚੀ ਨੂੰ ਡਰਾਉਣ-ਧਮਕਾਉਣ ਦੀ ਗੱਲ ਵੀ ਸਾਹਮਣੇ ਆਈ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੀੜ੍ਹਤ ਪਰਿਵਾਰ ਥਾਣਾ ਮਾਛੀਵਾੜਾ ਪੁੱਜਿਆ। ਪੁਲਿਸ ਵੱਲੋਂ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਅਨੁਸਾਰ ਬੱਚੀ ਦਾ ਮੈਡੀਕਲ ਮੁਆਇਨਾ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਬਰਨਾਲਾ: ਸੋਸ਼ਲ ਮੀਡੀਆ ਦੀ ਦੋਸਤੀ ਬਣੀ ਦਰਦ ਦੀ ਵਜ੍ਹਾ
ਦੂਜਾ ਸੰਗੀਨ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ 17 ਸਾਲਾ ਨਾਬਾਲਿਗ ਲੜਕੀ ਨੇ ਸਿਟੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੋਸ਼ਲ ਮੀਡੀਆ ਰਾਹੀਂ ਬਣੀ ਦੋਸਤੀ ਨੇ ਉਸਦੀ ਜ਼ਿੰਦਗੀ ਨਰਕ ਬਣਾ ਦਿੱਤੀ।
ਪੀੜ੍ਹਤਾ ਮੁਤਾਬਕ, ਉਸਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਨੌਜਵਾਨ ਨਾਲ ਆਨਲਾਈਨ ਦੋਸਤੀ ਸੀ, ਜਦਕਿ ਉਸਦੀ ਸਹੇਲੀ ਦੀ ਦੋਸਤੀ ਉਸ ਨੌਜਵਾਨ ਦੇ ਚਚੇਰੇ ਭਰਾ ਨਾਲ ਹੋ ਗਈ। 1 ਦਸੰਬਰ ਨੂੰ ਦੋਵੇਂ ਨੌਜਵਾਨ ਬਰਨਾਲਾ ਪਹੁੰਚੇ ਅਤੇ ਬੱਸ ਸਟੈਂਡ ਨੇੜੇ ਸਥਿਤ ਇੱਕ ਹੋਟਲ ਵਿੱਚ ਕਮਰੇ ਲੈ ਕੇ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ ਕੀਤਾ। ਅਗਲੇ ਦਿਨ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਹੋਟਲ ਪ੍ਰਬੰਧਕ ਵੀ ਘੇਰੇ ‘ਚ
ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੀੜ੍ਹਤਾ ਦੇ ਬਿਆਨਾਂ ਦੇ ਆਧਾਰ ‘ਤੇ ਪੋਕਸੋ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹੋਟਲ ਪ੍ਰਬੰਧਕਾਂ ਵੱਲੋਂ ਬਿਨਾਂ ਉਮਰ ਦੀ ਪੁਸ਼ਟੀ ਕੀਤੇ ਕਮਰੇ ਦਿੱਤੇ ਗਏ, ਜਿਸ ਕਾਰਨ ਹੋਟਲ ਮਾਲਕ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਸਮਾਜ ਲਈ ਚੇਤਾਵਨੀ
ਇਹ ਦੋਵੇਂ ਮਾਮਲੇ ਨਾ ਸਿਰਫ਼ ਕਾਨੂੰਨੀ ਪ੍ਰਣਾਲੀ ਲਈ ਚੁਣੌਤੀ ਹਨ, ਸਗੋਂ ਸਮਾਜ ਲਈ ਵੀ ਇੱਕ ਵੱਡੀ ਚੇਤਾਵਨੀ ਹਨ ਕਿ ਨਾਬਾਲਿਗਾਂ ਦੀ ਸੁਰੱਖਿਆ ਪ੍ਰਤੀ ਸਾਵਧਾਨੀ ਅਤੇ ਜ਼ਿੰਮੇਵਾਰੀ ਹੁਣ ਟਾਲੀ ਨਹੀਂ ਜਾ ਸਕਦੀ।

