ਨਵੀਂ ਦਿੱਲੀ :- ਮੋਬਾਈਲ ਫੋਨਾਂ ‘ਤੇ ਸੰਚਾਰ ਸਾਥੀ ਐਪ ਲਾਜ਼ਮੀ ਤੌਰ ‘ਤੇ ਪ੍ਰੀ-ਇੰਸਟਾਲ ਕਰਨ ਦੇ ਕੇਂਦਰੀ ਸਰਕਾਰ ਦੇ ਫ਼ੈਸਲੇ ਨੂੰ ਬੁੱਧਵਾਰ ਨੂੰ ਵਾਪਸ ਲਿਆ ਗਿਆ। ਇਹ ਬਦਲਾਅ ਉਹਨਾਂ ਸਵਾਲਾਂ ਅਤੇ ਵਿਰੋਧਾਂ ਤੋਂ ਬਾਅਦ ਆਇਆ, ਜੋ ਇਸ ਹੁਕਮ ਤੋਂ ਬਾਅਦ ਦੇਸ਼ ਭਰ ‘ਚ ਉੱਠੇ ਸਨ।
ਲੋਕ ਸਭਾ ਵਿੱਚ ਕੇਂਦਰੀ ਮੰਤਰੀ ਨੇ ਦਿੱਤੇ ਭਰੋਸੇ
ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰੀ ਜ੍ਯੋਤਿਰਾਦਿੱਤਿਆ ਸਿੰਧਿਆ ਨੇ ਲੋਕ ਸਭਾ ਵਿੱਚ ਕਿਹਾ ਕਿ ਸਰਕਾਰ ਲੋਕਾਂ ਤੋਂ ਮਿਲ ਰਹੇ ਸੁਝਾਅ ਦੇ ਆਧਾਰ ‘ਤੇ ਦਿਸ਼ਾ-ਨਿਰਦੇਸ਼ਾਂ ਵਿੱਚ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਸੰਚਾਰ ਸਾਥੀ ਰਾਹੀਂ ਨਿਗਰਾਨੀ ਜਾਂ ਕਿਸੇ ਵੀ ਤਰ੍ਹਾਂ ਦੀ “ਸਨੂਪਿੰਗ” ਸੰਭਵ ਨਹੀਂ, ਅਤੇ ਨਾ ਹੀ ਕਦੇ ਹੋਣ ਦਿੱਤੀ ਜਾਵੇਗੀ।
ਐਪ ਸਿਰਫ਼ ਯੂਜ਼ਰ ਦੀ ਮਨਜ਼ੂਰੀ ਨਾਲ ਕੰਮ ਕਰਦਾ ਹੈ
ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਇਹ ਐਪ ਕੇਵਲ ਉਸ ਵੇਲੇ ਹੀ ਕਾਰਗਰ ਹੁੰਦਾ ਹੈ, ਜਦੋਂ ਉਪਭੋਗਤਾ ਇਸ ‘ਤੇ ਖੁਦ ਰਜਿਸਟਰ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਪੂਰਾ ਅਧਿਕਾਰ ਹੈ ਕਿ ਉਹ ਸੰਚਾਰ ਸਾਥੀ ਐਪ ਨੂੰ ਆਪਣੀ ਸਹਿਮਤੀ ਨਾਲ ਇੰਸਟਾਲ ਕਰੇ ਜਾਂ ਹਟਾ ਦੇਵੇ।
ਡਿਜ਼ਿਟਲ ਸੁਰੱਖਿਆ ਮਜ਼ਬੂਤ ਕਰਨ ਨੂੰ ਮੁੱਖ ਉਦੇਸ਼
ਸਿੰਧਿਆ ਨੇ ਕਿਹਾ ਕਿ ਇਸ ਪਹਿਲ ਦਾ ਸਭ ਤੋਂ ਵੱਡਾ ਉਦੇਸ਼ ਲੋਕਾਂ ਨੂੰ ਡਿਜ਼ਿਟਲ ਸੁਰੱਖਿਆ ਬਾਰੇ ਸਚੇਤ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਮੋਬਾਈਲ ਡਾਟਾ ਦੀ ਰੱਖਿਆ ਕਰਨ ਦੇ ਸਾਧਨ ਪ੍ਰਦਾਨ ਕਰਨਾ ਹੈ। ਵਿਰੋਧ ਵੱਲੋਂ ਉਠਾਈਆਂ ਗਈਆਂ ਪ੍ਰਾਈਵੇਸੀ ਸਬੰਧੀ ਚਿੰਤਾਵਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਐਪ ਮੋਬਾਈਲ ਧੋਖਾਧੜੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਬਚਾਅ ਲਈ ਤਿਆਰ ਕੀਤਾ ਗਿਆ ਹੈ।
ਨਿਯਮਾਂ ’ਤੇ ਵਿਰੋਧ ਅਤੇ ਸੰਵਿਧਾਨਿਕ ਸਵਾਲ
ਐਪ ਦੀ ਲਾਜ਼ਮੀ ਇੰਸਟਾਲੇਸ਼ਨ ਨੂੰ ਲੈ ਕੇ ਵਿਰੋਧੀ ਧਿਰ ਨੇ ਨਿਗਰਾਨੀ, ਪ੍ਰਾਈਵੇਸੀ ਦਾ ਹੱਕ ਅਤੇ ਸੰਵੈਧਾਨਿਕਤਾ ‘ਤੇ ਸੰਦੇਹ ਜਤਾਇਆ ਸੀ। ਵਿਰੋਧੀਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਲਾਜ਼ਮੀ ਸ਼ਰਤ ਉਪਭੋਗਤਾਵਾਂ ਦੇ ਅਧਿਕਾਰਾਂ ਨਾਲ ਟਕਰਾਅ ਕਰ ਸਕਦੀ ਹੈ।
ਧੋਖਾਧੜੀ ਰੋਕਣ ਲਈ ਬਣਾਇਆ ਗਿਆ ਪਲੇਟਫਾਰਮ
ਸਰਕਾਰ ਦੇ ਮੁਤਾਬਕ, ਸੰਚਾਰ ਸਾਥੀ ਆਮ ਲੋਕਾਂ ਲਈ ਸਾਈਬਰ ਸੁਰੱਖਿਆ ਨੂੰ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਗੁੰਮ ਹੋਏ ਮੋਬਾਈਲ ਨੂੰ ਟ੍ਰੈਕ ਕਰਨ ਤੋਂ ਲੈ ਕੇ ਧੁੱਖਾਧੜੀ ਦੀਆਂ ਸ਼ਿਕਾਇਤਾਂ ਦਰਜ ਕਰਨ ਤੱਕ ਕਈ ਸਹੂਲਤਾਂ ਸ਼ਾਮਲ ਹਨ। ਸਰਕਾਰ ਨੇ ਮੁੜ ਦੋਹਰਾਇਆ ਕਿ ਐਪ ਵਿੱਚ ਕੋਈ ਵੀ ਛੁਪੀ ਹੋਈ ਨਿਗਰਾਨੀ ਪ੍ਰਣਾਲੀ ਨਹੀਂ ਹੈ।
‘ਜਨ ਭਾਗੀਦਾਰੀ’ ਨਾਲ ਸਾਈਬਰ ਅਪਰਾਧਾਂ ਖ਼ਿਲਾਫ਼ ਮੁਹਿੰਮ
ਪ੍ਰੈਸ ਇਨਫਰਮੇਸ਼ਨ ਬਿਊਰੋ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਚਾਰ ਸਾਥੀ ਦਾ ਉਦੇਸ਼ ਸਾਈਬਰ ਧੋਖਾਧੜੀ ਖ਼ਿਲਾਫ਼ ਲੋਕਾਂ ਦੀ ਭਾਗੀਦਾਰੀ ਵਧਾਉਣਾ ਹੈ। ਉਪਭੋਗਤਾ ਮਨਚਾਹੇ ਵੇਲੇ ਐਪ ਨੂੰ ਅਨਇੰਸਟਾਲ ਕਰ ਸਕਦੇ ਹਨ।
ਐਪ ਦੀ ਵਰਤੋਂ ਵਿੱਚ ਚਾਨਕ ਵਾਧਾ
ਸਰਕਾਰੀ ਜਾਣਕਾਰੀ ਦੇ ਮੁਤਾਬਕ, ਅਜੇ ਤੱਕ 1.4 ਕਰੋੜ ਲੋਕ ਐਪ ਡਾਊਨਲੋਡ ਕਰ ਚੁੱਕੇ ਹਨ। ਕੇਵਲ ਪਿਛਲੇ 24 ਘੰਟਿਆਂ ਵਿੱਚ ਹੀ ਛੇ ਲੱਖ ਨਵੇਂ ਉਪਭੋਗਤਾਵਾਂ ਨੇ ਰਜਿਸਟ੍ਰੇਸ਼ਨ ਕੀਤਾ ਹੈ, ਜੋ ਕਿ ਆਮ ਦਿਨਾਂ ਦੇ ਮੁਕਾਬਲੇ ਦਸ ਗੁਣਾ ਵਾਧਾ ਹੈ। ਅਧਿਕਾਰੀਆਂ ਨੇ ਇਸਨੂੰ ਡਿਜ਼ਿਟਲ ਸੁਰੱਖਿਆ ਪ੍ਰਤੀ ਲੋਕਾਂ ਦੇ ਭਰੋਸੇ ਦੀ ਨਿਸ਼ਾਨੀ ਦੱਸਿਆ।

