ਫਤਿਹਗੜ੍ਹ ਸਾਹਿਬ :- ਗਣਤੰਤਰ ਦਿਵਸ ਤੋਂ ਠੀਕ ਦੋ ਦਿਨ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਫਤਿਹਗੜ੍ਹ ਸਾਹਿਬ ਦੇ ਸਰਹਿੰਦ ਇਲਾਕੇ ਵਿੱਚ ਰੇਲਵੇ ਲਾਈਨ ‘ਤੇ ਸ਼ੁੱਕਰਵਾਰ ਦੇਰ ਰਾਤ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਇੱਕ ਮਾਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ ਅਤੇ ਟ੍ਰੇਨ ਚਾਲਕ ਨੂੰ ਸੱਟਾਂ ਲੱਗੀਆਂ ਹਨ।
ਨਵੀਂ ਬਣੀ ਮਾਲਗੱਡੀ ਲਾਈਨ ‘ਤੇ ਹੋਇਆ ਧਮਾਕਾ
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਧਮਾਕਾ ਰਾਤ ਕਰੀਬ 11 ਵਜੇ ਉਸ ਵੇਲੇ ਵਾਪਰਿਆ, ਜਦੋਂ ਮਾਲਗੱਡੀ ਨਵੀਂ ਬਿਛਾਈ ਗਈ ਰੇਲਵੇ ਲਾਈਨ ਰਾਹੀਂ ਗੁਜ਼ਰ ਰਹੀ ਸੀ। ਇਹ ਰੇਲਵੇ ਟ੍ਰੈਕ ਖਾਸ ਤੌਰ ‘ਤੇ ਮਾਲਗੱਡੀਆਂ ਦੀ ਆਵਾਜਾਈ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ‘ਤੇ ਹਾਲ ਹੀ ਵਿੱਚ ਹੀ ਆਵਾਜਾਈ ਸ਼ੁਰੂ ਹੋਈ ਸੀ।
ਇੰਜਣ ਨੂੰ ਭਾਰੀ ਨੁਕਸਾਨ, ਡਰਾਈਵਰ ਜ਼ਖ਼ਮੀ
ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਮਾਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਇਸ ਦੌਰਾਨ ਇੰਜਣ ਚਲਾ ਰਹੇ ਡਰਾਈਵਰ ਨੂੰ ਵੀ ਚੋਟਾਂ ਆਈਆਂ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਆਰਡੀਐਕਸ ਵਰਗੇ ਧਮਾਕੇ ਦੀ ਸੰਭਾਵਨਾ
ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਧਮਾਕਾ ਆਮ ਨਹੀਂ ਸੀ ਅਤੇ ਇਸ ਵਿੱਚ ਉੱਚ ਦਰਜੇ ਦੇ ਵਿਸਫੋਟਕ ਪਦਾਰਥ ਦੀ ਵਰਤੋਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮੁੱਢਲੀ ਜਾਂਚ ਦੌਰਾਨ ਆਰਡੀਐਕਸ ਵਰਗੇ ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਪੁਲਿਸ ਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਤਾਇਨਾਤ
ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ, ਰੇਲਵੇ ਸੁਰੱਖਿਆ ਬਲ ਅਤੇ ਖੁਫੀਆ ਏਜੰਸੀਆਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਟ੍ਰੈਕ ਦੇ ਆਲੇ-ਦੁਆਲੇ ਗਹਿਰੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਵੱਲੋਂ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਹਨ।
ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਚੌਕਸੀ ਵਧਾਈ ਗਈ
ਇਸ ਘਟਨਾ ਤੋਂ ਬਾਅਦ ਪੰਜਾਬ ਭਰ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ ਆ ਗਈਆਂ ਹਨ। ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨਾਂ, ਟ੍ਰੈਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ ‘ਚ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

