ਇੰਦੌਰ :- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ ਸੋਮਵਾਰ ਰਾਤ ਵਾਪਰੀ ਇੱਕ ਵੀਭਤਸ ਸੜਕ ਦੁਰਘਟਨਾ ਨੇ ਖੇਤਰ ਨੂੰ ਦਹਿਲਾ ਦਿੱਤਾ। ਸਿਮਰੋਲ ਥਾਣਾ ਹਦੂਦ ਦੇ ਭੇਰੂ ਘਾਟ ਨੇੜੇ ਯਾਤਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 38 ਹੋਰ ਯਾਤਰੀ ਜ਼ਖਮੀ ਹੋਏ ਹਨ।
ਪੁਲਿਸ ਤੇ ਪ੍ਰਸ਼ਾਸਨ ਨੇ ਕੀਤਾ ਰਾਹਤ ਅਭਿਆਨ
ਪੁਲਿਸ ਸੁਪਰਡੈਂਟ (ਦਿਹਾਤੀ) ਯਾਂਗਚੇਨ ਡੋਲਕਰ ਭੂਟੀਆ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਬੱਸ ’ਚ ਫਸੇ ਜ਼ਖਮੀਆਂ ਨੂੰ ਕਾਫੀ ਜਦੋਂਜਹਦ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਇੰਦੌਰ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਭੇਜਿਆ ਗਿਆ।
ਅੱਗੇ ਬੈਠੇ ਯਾਤਰੀਆਂ ਦੀ ਮੌਤ
SP ਭੂਟੀਆ ਮੁਤਾਬਕ, ਜਿਨ੍ਹਾਂ ਤਿੰਨ ਯਾਤਰੀਆਂ ਦੀ ਜਾਨ ਗਈ, ਉਹ ਬੱਸ ਦੀਆਂ ਅੱਗੇ ਵਾਲੀਆਂ ਸੀਟਾਂ ’ਤੇ ਸਵਾਰ ਸਨ। ਹਾਲਾਂਕਿ, ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਨੇ ਦੁਰਘਟਨਾ ਦੇ ਅਸਲ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਰਾਈਵਰ ਦੇ ਨਸ਼ੇ ’ਚ ਹੋਣ ਦੀ ਆਸ਼ੰਕਾ
ਇਸ ਦੌਰਾਨ ਮੌਕੇ ਤੋਂ ਸਾਹਮਣੇ ਆਏ ਇੱਕ ਵੀਡੀਓ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਵੀਡੀਓ ਵਿੱਚ ਇੱਕ ਵਿਅਕਤੀ ਦਾਅਵਾ ਕਰਦਾ ਸੁਣਿਆ ਗਿਆ ਕਿ ਬੱਸ ਡਰਾਈਵਰ ਨਸ਼ੇ ਵਿੱਚ ਸੀ ਅਤੇ ਉਸਦੀ ਲਾਪਰਵਾਹੀ ਕਾਰਨ ਹੀ ਇਹ ਹਾਦਸਾ ਵਾਪਰਿਆ। ਪੁਲਿਸ ਹੁਣ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਹਾਦਸਾ ਮਾਨਵੀ ਗ਼ਲਤੀ ਸੀ ਜਾਂ ਮਕੈਨਿਕਲ ਖਰਾਬੀ ਕਾਰਨ ਵਾਪਰਿਆ।
ਮੁੱਖ ਮੰਤਰੀ ਵੱਲੋਂ ਐਲਾਨ — ਪਰਿਵਾਰਾਂ ਨੂੰ ਮਿਲੇਗੀ ਮਦਦ
ਇਸ ਦਰਦਨਾਕ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਮੋਹਨ ਯਾਦਵ ਨੇ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਅਧਿਕਾਰੀਆਂ ਨੂੰ ਸਾਰੇ ਜ਼ਖਮੀਆਂ ਦਾ ਉਚਿਤ ਇਲਾਜ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

