ਨਵੀਂ ਦਿੱਲੀ :- ਮਹਿਲਾ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਪੂਰੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।
ਕਪਤਾਨ ਵੱਲੋਂ ਰਾਸ਼ਟਰਪਤੀ ਨੂੰ ਖਾਸ ਭੇਂਟ
ਮੁਲਾਕਾਤ ਦੌਰਾਨ ਕਪਤਾਨ ਹਰਮਨਪ੍ਰੀਤ ਕੌਰ ਨੇ ਰਾਸ਼ਟਰਪਤੀ ਮੁਰਮੂ ਨੂੰ ਪੂਰੀ ਟੀਮ ਵੱਲੋਂ ਦਸਤਖ਼ਤ ਕੀਤੀ ਜਰਸੀ ਭੇਂਟ ਕੀਤੀ। ਕਪਤਾਨ ਨੇ ਵਿਸ਼ਵ ਕੱਪ ਟਰਾਫੀ ਨਾਲ ਰਾਸ਼ਟਰਪਤੀ ਦੇ ਨਾਲ ਤਸਵੀਰਾਂ ਵੀ ਖਿੱਚਵਾਈਆਂ। ਟੀਮ ਦੇ ਹੋਰ ਮੈਂਬਰਾਂ ਨੇ ਵੀ ਇਸ ਮੌਕੇ ਰਾਸ਼ਟਰਪਤੀ ਨਾਲ ਫੋਟੋ ਸੈਸ਼ਨ ਵਿੱਚ ਹਿੱਸਾ ਲਿਆ।
ਫਾਈਨਲ ਮੈਚ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾਕੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ‘ਤੇ 298 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 78 ਗੇਂਦਾਂ ਵਿੱਚ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਦੀਪਤੀ ਸ਼ਰਮਾ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫ਼ਰੀਕਾ ਵੱਲੋਂ ਅਯਾਬੋਂਗਾ ਖਾਕਾ ਨੇ 3 ਵਿਕਟਾਂ ਲਈਆਂ।
ਜਵਾਬ ਵਿੱਚ, ਸਾਊਥ ਅਫ਼ਰੀਕਾ ਦੀ ਲੌਰਾ ਵੋਲਵਾਰਡਟ ਨੇ 101 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਟੀਮ ਜਿੱਤ ਨਹੀਂ ਸਕੀ। ਭਾਰਤ ਦੀ ਦੀਪਤੀ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਸ਼ੈਫਾਲੀ ਵਰਮਾ ਨੇ 2 ਵਿਕਟਾਂ ਲਈਆਂ।
ਪਹਿਲੀ ਵਾਰ ਖਿਤਾਬ ਜਿੱਤਣ ਵਿੱਚ ਕਾਮਯਾਬੀ
ਇਹ ਭਾਰਤੀ ਮਹਿਲਾ ਟੀਮ ਲਈ ਇਤਿਹਾਸਕ ਮੋੜ ਸੀ, ਕਿਉਂਕਿ ਇਸ ਤੋਂ ਪਹਿਲਾਂ ਉਹ 2005 ਅਤੇ 2017 ਦੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ ਪਰ ਖਿਤਾਬ ਜਿੱਤ ਨਹੀਂ ਸਕੀ ਸੀ। ਇਸ ਵਾਰ ਟੀਮ ਨੇ ਆਪਣੀ ਮਹਿਨਤ ਨਾਲ ਦੇਸ਼ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ।

