ਅੰਮ੍ਰਿਤਸਰ :- ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਰਾਜਾਸਾਂਸੀ ਨੇੜੇ ਡਰੋਨ ਦੀ ਸ਼ੱਕੀ ਗਤੀਵਿਧੀ ਸਾਹਮਣੇ ਆਉਣ ਨਾਲ ਸੁਰੱਖਿਆ ਏਜੰਸੀਆਂ ਅਲਰਟ ’ਤੇ ਆ ਗਈਆਂ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਤੌਰ ’ਤੇ ਹਵਾਈ ਅੱਡੇ ਦੀ ਕਾਰਗੁਜ਼ਾਰੀ ਕਰੀਬ ਇੱਕ ਘੰਟੇ ਲਈ ਮੁਕੰਮਲ ਰੂਪ ਵਿੱਚ ਰੋਕ ਦਿੱਤੀ ਗਈ।
ਉਡਾਣਾਂ ਨੂੰ ਐਮਰਜੈਂਸੀ ਮੋੜ
ਇਸ ਦੌਰਾਨ ਕੁਆਲਾਲੰਪਰ ਤੋਂ ਅੰਮ੍ਰਿਤਸਰ ਆ ਰਹੀ ਮਲੇਸ਼ੀਆ ਏਅਰਲਾਈਨ ਦੀ ਉਡਾਣ ਨੂੰ ਦਿੱਲੀ ਵੱਲ ਮੋੜਿਆ ਗਿਆ, ਜਦਕਿ ਸ਼ਾਰਜਾਹ ਤੋਂ ਆਉਣ ਵਾਲੀ ਇੰਡੀਗੋ ਦੀ ਰਾਤੀ ਉਡਾਣ ਨੂੰ ਚੰਡੀਗੜ੍ਹ ਉਤਾਰਿਆ ਗਿਆ। ਫ਼ੈਸਲਾ ਸੁਰੱਖਿਆ ਮਾਪਦੰਡਾਂ ਅਨੁਸਾਰ ਤੁਰੰਤ ਲਿਆ ਗਿਆ।
ਅਧਿਕਾਰੀਆਂ ਵੱਲੋਂ ਪੁਸ਼ਟੀ
ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ 8.40 ਵਜੇ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ, ਜਿਸ ਉਪਰੰਤ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਕਾਰਵਾਈ ਰੋਕੀ ਗਈ। ਸੁਰੱਖਿਆ ਫੋਰਸਾਂ ਅਤੇ ਪੰਜਾਬ ਪੁਲਿਸ ਵੱਲੋਂ ਤਫ਼ਤੀਸ਼ ਤੋਂ ਬਾਅਦ ਐਮਰਜੈਂਸੀ ਹਟਾ ਲਈ ਗਈ।
ਸਖ਼ਤ ਸੁਰੱਖਿਆ, ਉਡਾਣਾਂ ਮੁੜ ਸ਼ੁਰੂ
ਜਾਂਚ ਮਗਰੋਂ ਮੋੜੀਆਂ ਗਈਆਂ ਉਡਾਣਾਂ ਨੂੰ ਮੁੜ ਰਵਾਨਾ ਕਰਵਾ ਦਿੱਤਾ ਗਿਆ। ਹਾਲਾਂਕਿ, ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਘਰੇਲੂ ਉਡਾਣਾਂ ਜੋ ਰੋਕੀਆਂ ਗਈਆਂ ਸਨ, ਹੁਣ ਦੇਰੀ ਨਾਲ ਚੱਲ ਰਹੀਆਂ ਹਨ।

