ਚੰਡੀਗੜ੍ਹ :- ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਮਾਮਲੇ ’ਚ ਯੂ-ਟਰਨ ਲਏ ਜਾਣ ਤੋਂ ਬਾਅਦ ਹੁਣ ਯੂਨੀਵਰਸਿਟੀ ਪ੍ਰਬੰਧਕਾਂ ਨੇ ਸੁਰੱਖਿਆ ਪ੍ਰਬੰਧ ਹੋਰ ਤਗੜੇ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਕੈਂਪਸ ਅੰਦਰ ਬਾਹਰੀ ਲੋਕਾਂ ਦੀ ਐਂਟਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ, ਜਦੋਂ ਕਿ ਵਿਦਿਆਰਥੀਆਂ ਲਈ ਵੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਆਈਡੀ ਕਾਰਡ ਬਿਨਾਂ ਨਹੀਂ ਮਿਲੇਗੀ ਇਜਾਜ਼ਤ
ਯੂਨੀਵਰਸਿਟੀ ਪ੍ਰਬੰਧਨ ਨੇ ਸਾਫ਼ ਨਿਰਦੇਸ਼ ਜਾਰੀ ਕੀਤੇ ਹਨ ਕਿ ਹੁਣ ਹਰ ਵਿਦਿਆਰਥੀ ਲਈ ਆਈਡੀ ਕਾਰਡ ਲੈ ਕੇ ਰੱਖਣਾ ਲਾਜ਼ਮੀ ਹੋਵੇਗਾ। ਕੈਂਪਸ ਦੇ ਕਿਸੇ ਵੀ ਗੇਟ ਰਾਹੀਂ ਆਉਣ-ਜਾਣ ਸਮੇਂ ਵਿਦਿਆਰਥੀਆਂ ਨੂੰ ਆਪਣੀ ਪਛਾਣ ਦਿਖਾਉਣੀ ਪਵੇਗੀ। ਇਸੇ ਤਰ੍ਹਾਂ ਬਾਹਰਲੇ ਵਾਹਨਾਂ ਤੇ ਵਿਅਕਤੀਆਂ ਦਾ ਦਾਖਲਾ ਪੂਰੀ ਤਰ੍ਹਾਂ ਮਨਾਹ ਹੈ।
10 ਨਵੰਬਰ ਨੂੰ ਵਿਦਿਆਰਥੀ ਇਕੱਠ ਤੋਂ ਪਹਿਲਾਂ ਫੈਸਲਾ
ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਵਿਦਿਆਰਥੀ ਸੰਗਠਨਾਂ ਵੱਲੋਂ 10 ਨਵੰਬਰ ਨੂੰ ਕੈਂਪਸ ਵਿੱਚ ਵੱਡੇ ਇਕੱਠ ਦੀ ਘੋਸ਼ਣਾ ਕੀਤੀ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੈਨੇਟ ਅਤੇ ਸਿੰਡੀਕੇਟ ਦੀ ਬਹਾਲੀ ਲਈ ਸ਼ਾਂਤਮਈ ਢੰਗ ਨਾਲ ਰੋਸ ਜਾਹਿਰ ਕਰ ਰਹੇ ਸਨ। ਪ੍ਰਬੰਧਨ ਨੂੰ ਅੰਦਾਜ਼ਾ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠ ਹੋ ਸਕਦੇ ਹਨ, ਜਿਸ ਕਰਕੇ ਸੁਰੱਖਿਆ ਸਖ਼ਤ ਕੀਤੀ ਗਈ ਹੈ।
ਕੇਂਦਰ ਦੇ ਯੂ-ਟਰਨ ਨਾਲ ਬਦਲੀ ਸਥਿਤੀ
ਦਰਅਸਲ, ਕੇਂਦਰ ਸਰਕਾਰ ਨੇ ਬੀਤੇ ਦਿਨ ਯੂਨੀਵਰਸਿਟੀ ਸਬੰਧੀ ਆਪਣੇ ਪਹਿਲਾਂ ਦੇ ਫੈਸਲੇ ’ਤੇ ਯੂ-ਟਰਨ ਲੈਂਦਿਆਂ ਸਪੱਸ਼ਟ ਕੀਤਾ ਸੀ ਕਿ ਸੈਨੇਟ ਤੇ ਸਿੰਡੀਕੇਟ ਦੀ ਬਣਤਰ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਇਸ ਐਲਾਨ ਤੋਂ ਬਾਅਦ ਹਾਲਾਤ ਕੁਝ ਹੱਦ ਤੱਕ ਸ਼ਾਂਤ ਹੋਣ ਦੀ ਉਮੀਦ ਸੀ, ਪਰ ਪ੍ਰਬੰਧਨ ਨੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪਹਿਲਾਂ ਹੀ ਤਿਆਰੀ ਕਰ ਲਈ ਹੈ।
ਪ੍ਰਸ਼ਾਸਨ ਨੇ ਦਿੱਤੇ ਸਖ਼ਤ ਹੁਕਮ
ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਕੈਂਪਸ ਸੁਰੱਖਿਆ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਅੰਦਰ ਜਾਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਵਿਦਿਆਰਥੀਆਂ ਦੀ ਪੂਰੀ ਤਸਦੀਕ ਕਰਕੇ ਹੀ ਐਂਟਰੀ ਦੀ ਜ਼ਾਜ਼ਤ ਹੋਵੇ। ਇਸ ਦੇ ਨਾਲ ਹੀ ਸਾਰੀ ਆਵਾਜਾਈ ਦੀ ਮਾਨੀਟਰਿੰਗ ਵਧਾਈ ਗਈ ਹੈ।
ਸਥਿਤੀ ’ਤੇ ਨਿਗਰਾਨੀ ਜਾਰੀ
ਪ੍ਰਬੰਧਨ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਹੱਕਾਂ ਦੀ ਕਦਰ ਕੀਤੀ ਜਾ ਰਹੀ ਹੈ, ਪਰ ਕਾਨੂੰਨ ਤੇ ਕਾਇਦੇ ਦੀ ਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ। 10 ਨਵੰਬਰ ਦੇ ਇਕੱਠ ਦੌਰਾਨ ਸੁਰੱਖਿਆ ਵੱਧਾਈ ਜਾਵੇਗੀ ਅਤੇ ਹਾਲਾਤਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ।

