ਚੰਡੀਗੜ੍ਹ :- ਪੰਜਾਬ ਸਰਕਾਰ ਨੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਵਿਲੱਖਣ ਵਿਦਿਅਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸੂਬੇ ਦੇ ਸਭ ਸਰਕਾਰੀ, ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 22 ਤੋਂ 24 ਦਸੰਬਰ 2025 ਤੱਕ ਤਿੰਨ ਦਿਨਾਂ ਦੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਹੀਦ ਪੁੱਤਰਾਂ—ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ—ਦੀ ਅਸਾਧਾਰਣ ਬਹਾਦਰੀ ਬਾਰੇ ਜਾਣੂ ਕਰਵਾਇਆ ਜਾਵੇਗਾ।
ਹਰ ਸਵੇਰ 15 ਮਿੰਟ ਦਾ ਵਿਸ਼ੇਸ਼ ਸੈਸ਼ਨ
ਸਿੱਖਿਆ ਵਿਭਾਗ ਅਨੁਸਾਰ, ਇਹ ਸੈਸ਼ਨ ਸਵੇਰ ਦੀ ਸਭਾ ਦੌਰਾਨ ਲਗਭਗ 15 ਮਿੰਟ ਲਈ ਹੋਣਗੇ, ਜਿਨ੍ਹਾਂ ਵਿੱਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਜ਼ਿੰਦਗੀ, ਬਲਿਦਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਸਲ ਸਿੱਖਿਆਵਾਂ ਬਾਰੇ ਪ੍ਰਮਾਣਿਕ ਤੇ ਸੰਵੇਦਨਸ਼ੀਲ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਵੇਗੀ।
SGPC ਦੀ ਪ੍ਰਮਾਣਿਤ ਸਮੱਗਰੀ ਨਾਲ ਹੀ ਸੈਸ਼ਨ
ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹੁਕਮ ਦਿੱਤਾ ਹੈ ਕਿ ਇਹ ਸਾਰੀ ਵਿਦਿਅਕ ਸਮੱਗਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਪ੍ਰਮਾਣਿਤ ਹੋਵੇ, ਤਾਂ ਜੋ ਇਤਿਹਾਸਕ ਤੱਥਾਂ ਦੀ ਸ਼ੁੱਧਤਾ, ਮਾਣ ਅਤੇ ਸਤਿਕਾਰ ਪੂਰੀ ਤਰ੍ਹਾਂ ਬਣੇ ਰਹਿਣ।
ਸਾਕਾ ਸਿਰਹਿੰਦ ਤੋਂ ਕਿਲ੍ਹਾ ਆਨੰਦਗੜ੍ਹ ਤੱਕ ਦਾ ਇਤਿਹਾਸ ਵੀ ਸ਼ਾਮਲ
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸੈਸ਼ਨ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਇੱਕ ਅਹਿਮ ਅਧਿਆਇ ਨਾਲ ਜੋੜਨਗੇ—ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਣ ਤੋਂ ਲੈ ਕੇ ਸਾਕਾ ਸਿਰਹਿੰਦ ਤੱਕ ਦੀ ਉਹ ਕੁ੍ਰਬਾਨੀ, ਜਿਸ ਨੇ ਸਿੱਖ ਕੌਮ ਦੇ ਇਤਿਹਾਸ ਵਿੱਚ ਅਬਾਦ ਨਿਸ਼ਾਨ ਛੱਡਿਆ।
ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕੀਰਤਨ ਦਰਬਾਰ ਅਤੇ ਸਮਾਰੋਹ
22 ਤੋਂ 24 ਦਸੰਬਰ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ‘ਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਧਾਰਮਿਕ ਤੇ ਇਤਿਹਾਸਕ ਸਮਾਰੋਹ ਹੋਣਗੇ। ਸ਼ਾਮ 4 ਤੋਂ 6 ਵਜੇ ਤੱਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ, ਜੋ ਸਾਹਿਬਜ਼ਾਦਿਆਂ ਦੀ ਸ਼ੂਰਵੀਰਤਾ ਨੂੰ ਸਮਰਪਿਤ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਇਸ ਮਹਾਨ ਬਲਿਦਾਨੀ ਪਰੰਪਰਾ ਨਾਲ ਭਾਵਨਾਤਮਕ ਤੌਰ ‘ਤੇ ਜੋੜੇਗਾ।
“ਚਰਿੱਤਰ ਨਿਰਮਾਣ ਵੀ ਸਿੱਖਿਆ ਦਾ ਮੂਲ ਹਿੱਸਾ” – ਬੈਂਸ
ਸਿੱਖਿਆ ਮੰਤਰੀ ਨੇ ਜ਼ੋਰ ਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨਾਂ ਵਿੱਚ ਚਰਿੱਤਰ, ਹਿੰਮਤ ਅਤੇ ਸੱਚਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਤਿਆਰ ਕੀਤਾ ਗਿਆ ਇਹ ਤਿੰਨ ਦਿਨਾਂ ਦਾ ਵਿਸ਼ੇਸ਼ ਪ੍ਰੋਗਰਾਮ ਵਿਦਿਆਰਥੀਆਂ ਦੇ ਮਨ ਵਿੱਚ ਅਡੋਲਤਾ, ਨਿਡਰਤਾ ਅਤੇ ਆਪਣੇ ਇਤਿਹਾਸ ਨਾਲ ਮਾਣ ਭਰਿਆ ਨਾਤਾ ਮਜ਼ਬੂਤ ਕਰੇਗਾ।

