ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਵਿੱਚ ਅੱਜ ਪੇਸ਼ ਹੋਣ ਵਾਲੇ ਬਜਟ ਨੂੰ ਲੈ ਕੇ ਸਦਨ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਕਾਫ਼ੀ ਕੜੇ ਕੀਤੇ ਗਏ ਹਨ। ਪੁਲਿਸ ਵੱਲੋਂ ਵਿਧਾਨ ਸਭਾ ਕੰਪਲੈਕਸ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਵਾਧੂ ਫੋਰਸ ਤਾਇਨਾਤ ਕਰਕੇ ਆਉਣ-ਜਾਣ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਸੈਸ਼ਨ ਦੌਰਾਨ ਕਿਸੇ ਵੀ ਕਿਸਮ ਦੀ ਅਣਚਾਹੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ।
ਵੱਖ-ਵੱਖ ਹਲਕਿਆਂ ਤੋਂ ਮਹਿਲਾਵਾਂ ਨੂੰ ਬਜਟ ਸੈਸ਼ਨ ਦੇ ਦਰਸ਼ਨ ਲਈ ਸੱਦਾ
ਅੱਜ ਦੇ ਬਜਟ ਸੈਸ਼ਨ ਨੂੰ ਖਾਸ ਬਣਾਉਣ ਲਈ ਸੂਬੇ ਦੇ ਕਈ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਇਹ ਮਹਿਲਾਵਾਂ ਵਿਧਾਨ ਸਭਾ ਦੀ ਕਾਰਵਾਈ ਨੂੰ ਨਜ਼ਦੀਕੋਂ ਦੇਖਣ ਲਈ ਪਹੁੰਚ ਰਹੀਆਂ ਹਨ। ਸਰਕਾਰ ਵੱਲੋਂ ਇਸ ਕਦਮ ਨੂੰ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਲੀ ਪਹਿਲ ਵਜੋਂ ਵੀ ਵੇਖਿਆ ਜਾ ਰਿਹਾ ਹੈ।
ਮਹਿਲਾਵਾਂ ਲਈ ਮਹੀਨਾਵਾਰ ਸਹਾਇਤਾ ਯੋਜਨਾ ਦੀ ਉਮੀਦ
ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਆਖਰੀ ਬਜਟ ਵਿੱਚ ਮਹਿਲਾਵਾਂ ਨਾਲ ਕੀਤਾ ਗਿਆ ਮਹੱਤਵਪੂਰਨ ਚੋਣ ਵਾਅਦਾ ਪੂਰਾ ਕਰ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਦੌਰਾਨ ਸੂਬੇ ਦੀਆਂ ਮਹਿਲਾਵਾਂ ਲਈ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦੀ ਆਰਥਿਕ ਮਦਦ ਵਾਲੀ ਯੋਜਨਾ ਦਾ ਐਲਾਨ ਕਰ ਸਕਦੇ ਹਨ।
ਮਹਿਲਾ ਦਿਵਸ ਮੌਕੇ ਖਾਸ ਪੇਸ਼ਕਸ਼ ਦੀ ਸੰਭਾਵਨਾ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਇਹ ਯੋਜਨਾ ਮਹਿਲਾਵਾਂ ਲਈ ਸਨਮਾਨ ਦੇ ਤੌਰ ‘ਤੇ ਪੇਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਸਰਕਾਰ ਆਪਣੀ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਾਉਣ ਵੱਲ ਕਦਮ ਚੁੱਕਦੀ ਨਜ਼ਰ ਆ ਸਕਦੀ ਹੈ।
ਵਿੱਤ ਮੰਤਰੀ ਦਾ ਬਿਆਨ—ਬਜਟ ਵਿੱਚ ਮਹਿਲਾਵਾਂ ਨੂੰ ਦਿੱਤੀ ਜਾਵੇਗੀ ਤਰਜੀਹ
ਇਸ ਸਬੰਧੀ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਦਾ ਬਜਟ ਮਹਿਲਾਵਾਂ ਨੂੰ ਸਮਰਪਿਤ ਰਹੇਗਾ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕਈ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲ 2021 ਤੋਂ 2025 ਤੱਕ ਪੰਜਾਬ ਵਿੱਚ 13,299 ਮਹਿਲਾਵਾਂ ਦੀ ਮੌਤ ਕੈਂਸਰ ਕਾਰਨ ਹੋਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਇਸ ਮਾਮਲੇ ‘ਤੇ ਵੀ ਧਿਆਨ ਦੇ ਰਹੀ ਹੈ।

