ਸਮਾਣਾ :- ਸਮਾਣਾ ਦੇ ਪਿੰਡ ਸੱਸੀ ਬ੍ਰਾਹਮਣਾ ਦਾ ਰਹਿਣ ਵਾਲਾ ਭੁਪਿੰਦਰ ਕੁਮਾਰ ਸ਼ਰਮਾ ਘਰ ਦੀਆਂ ਮੁਸ਼ਕਲਾਂ ਤੇ ਘੱਗਰ ਦਰਿਆ ਦੀ ਹਰ ਸਾਲ ਆਉਣ ਵਾਲੀ ਹੜ੍ਹ ਨਾਲ ਤੰਗ ਆ ਚੁੱਕਾ ਸੀ। ਖੇਤਾਂ ਦੀ ਤਬਾਹੀ ਨੇ ਉਸਦੇ ਸੁਪਨੇ ਤੋੜ ਦਿੱਤੇ ਸਨ। ਆਰਥਿਕ ਤੰਗੀ ਕਾਰਨ ਉਸਨੇ 2008 ਵਿੱਚ ਆਈਲੈਟਸ ਕਰਕੇ ਆਸਟਰੇਲੀਆ ਜਾਣ ਦਾ ਫ਼ੈਸਲਾ ਕੀਤਾ।
ਕਰਜ਼ਾ ਲੈ ਕੇ ਵਿਦੇਸ਼ ਗਿਆ ਤੇ ਬਣਾਇਆ ਆਪਣਾ ਸੈੱਟਅਪ
ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਭੁਪਿੰਦਰ ਆਸਟਰੇਲੀਆ ਪਹੁੰਚਿਆ। ਉੱਥੇ ਸ਼ੁਰੂਆਤ ਵਿੱਚ ਟਰਾਲਾ ਚਲਾਉਣ ਦਾ ਕੰਮ ਕੀਤਾ, ਪਰ ਆਪਣੀ ਮਿਹਨਤ ਨਾਲ ਜਲਦੀ ਹੀ ਆਪਣਾ ਕਾਰੋਬਾਰ ਸੈੱਟ ਕਰ ਲਿਆ। ਉਹ ਅਕਸਰ ਪਿਤਾ ਨਾਲ ਸੰਪਰਕ ਵਿੱਚ ਰਹਿੰਦਾ ਸੀ ਤੇ ਕਹਿੰਦਾ ਸੀ ਕਿ ਜਦੋਂ ਸਭ ਕੁਝ ਠੀਕ ਹੋ ਜਾਵੇਗਾ, ਉਹ ਪਿੰਡ ਵਿੱਚ ਖੇਤੀਬਾੜੀ ਲਈ 50 ਕਿੱਲੇ ਜ਼ਮੀਨ ਖਰੀਦੇਗਾ ਤੇ ਪਰਿਵਾਰ ਦਾ ਨਾਮ ਰੌਸ਼ਨ ਕਰੇਗਾ।
ਸੜਕ ਹਾਦਸੇ ਵਿੱਚ ਦਰਦਨਾਕ ਮੌਤ
ਕੁਝ ਦਿਨ ਪਹਿਲਾਂ ਭੁਪਿੰਦਰ ਆਪਣੀ ਗੱਡੀ ‘ਚ ਆਪਣੇ ਟਰਾਲੇ ਨੂੰ ਵੇਖਣ ਗਿਆ ਸੀ। ਵਾਪਸੀ ਦੌਰਾਨ ਸੜਕ ’ਤੇ ਉਸਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਇਹ ਖ਼ਬਰ ਮਿਲਦੇ ਹੀ ਪਰਿਵਾਰ ਤੇ ਪਿੰਡ ਵਿੱਚ ਮਾਤਮ ਛਾ ਗਿਆ।
ਬ੍ਰਿਸਬਿਨ ’ਚ ਰਹਿੰਦਾ ਪਰਿਵਾਰ ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਭੁਪਿੰਦਰ ਦੀ ਪਤਨੀ ਤੇ ਦੋ ਬੱਚੇ — ਬੇਟਾ ਬਿਨੈਕ ਤੇ ਬੇਟੀ ਅਦਿਤੀ — ਇਸ ਵੇਲੇ ਆਸਟਰੇਲੀਆ ਦੇ ਬ੍ਰਿਸਬਿਨ ਸ਼ਹਿਰ ਵਿੱਚ ਰਹਿੰਦੇ ਹਨ। ਮਾਂ ਬਿਮਲਾ ਦੇਵੀ ਨੇ ਰੋਦਿਆਂ ਕਿਹਾ ਕਿ “ਮੇਰਾ ਪੁੱਤ ਸਰਵਣ ਵਰਗਾ ਸੀ, ਉਹ ਹਮੇਸ਼ਾ ਮੇਰਾ ਖ਼ਿਆਲ ਰੱਖਦਾ ਸੀ।”
ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਰਕਾਰ ਕੋਲ ਅਰਜ਼ੀ
ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਦੋਹਾਂ ਨੂੰ ਅਪੀਲ ਕੀਤੀ ਹੈ ਕਿ ਭੁਪਿੰਦਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦਾ ਖਰਚਾ ਲਗਭਗ 42 ਲੱਖ ਰੁਪਏ ਹੈ, ਜੋ ਉਹਨਾਂ ਲਈ ਅਸੰਭਵ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਸਿਰਫ਼ ਸਰਕਾਰ ਤੋਂ ਹੀ ਉਮੀਦ ਹੈ।

