ਚੰਡੀਗੜ੍ਹ :- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ਵਿੱਚ ਭਾਰੀ ਵਰਖਾ ਕਾਰਨ ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮੌਜੂਦਾ ਹਾਲਾਤ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। BBMB ਚੇਅਰਮੈਨ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਇਸ ਵਾਰ ਪੌਂਗ ਡੈਮ ਵਿੱਚ ਅਜੇ ਤਕ ਦੇ ਇਤਿਹਾਸਕ ਪੱਧਰ ਨਾਲੋਂ 20 ਫ਼ੀਸਦੀ ਵੱਧ ਪਾਣੀ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿੱਚ ਕੁੱਲ 11.7 ਬਿਲੀਅਨ ਕਿਊਸਿਕ ਮੀਟਰ ਪਾਣੀ ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲਾਂ ਨਾਲੋਂ ਕਾਫ਼ੀ ਵੱਧ ਹੈ।
ਪਾਣੀ ਦੇ ਵੱਧ ਰਹੇ ਪੱਧਰ ਨਾਲ ਵਧੀ ਚਿੰਤਾ
ਤ੍ਰਿਪਾਠੀ ਨੇ ਖੁਲਾਸਾ ਕੀਤਾ ਕਿ ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਡੇਢ ਫੁੱਟ ਹੇਠਾਂ ਹੈ। ਉਨ੍ਹਾਂ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੀ ਹੜ੍ਹ ਆਉਣੇ ਸ਼ੁਰੂ ਹੋ ਜਾਂਦੇ ਅਤੇ ਤਬਾਹੀ ਕਾਫ਼ੀ ਵੱਧ ਹੋਣੀ ਸੀ। ਪੌਂਗ ਡੈਮ ਦਾ ਮੌਜੂਦਾ ਪੱਧਰ 1390 ਫੁੱਟ ਹੈ ਪਰ ਕਈ ਥਾਵਾਂ ‘ਤੇ ਇਹ 1410 ਫੁੱਟ ਤੱਕ ਪਹੁੰਚ ਚੁੱਕਾ ਹੈ। ਚਾਰੇ ਹੜ੍ਹ ਗੇਟ 10–10 ਫੁੱਟ ਤੱਕ ਖੋਲ੍ਹੇ ਗਏ ਹਨ ਜਿਸ ਨਾਲ ਰੂਪਨਗਰ, ਲੁਧਿਆਣਾ ਅਤੇ ਹਰੀਕੇ ਹੈੱਡਵਰਕ ਤੱਕ ਪ੍ਰਭਾਵ ਪੈ ਰਿਹਾ ਹੈ।
ਲਗਾਤਾਰ ਪਾਣੀ ਛੱਡਣ ਅਤੇ ਨਿਗਰਾਨੀ ਦੇ ਉਪਾਇਆ
BBMB ਮੁਤਾਬਕ 6 ਅਗਸਤ ਤੋਂ ਪੌਂਗ ਡੈਮ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਤਾਂ ਜੋ ਡੈਮ ਦੀ ਸਮਰੱਥਾ ਤੋਂ ਵੱਧ ਦਬਾਅ ਨਾ ਬਣੇ। ਚੇਅਰਮੈਨ ਨੇ ਕਿਹਾ ਕਿ ਉਹ ਤਿੰਨ ਮੌਸਮ ਵਿਭਾਗੀ ਏਜੰਸੀਆਂ ਨਾਲ ਨਿਰੰਤਰ ਸੰਪਰਕ ਵਿੱਚ ਹਨ ਅਤੇ ਟੈਕਨੀਕਲ ਕਮੇਟੀ ਹਰ ਹਫ਼ਤੇ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਇਸ ਕਮੇਟੀ ਵਿੱਚ ਸੈਂਟਰਲ ਵਾਟਰ ਕਮਿਸ਼ਨ ਅਤੇ ਰਾਜ ਸਰਕਾਰ ਦੇ ਪ੍ਰਤਿਨਿਧੀ ਵੀ ਸ਼ਾਮਲ ਹਨ।
ਸਰਕਾਰਾਂ ਨੂੰ ਨਦੀਆਂ ਤੇ ਨਾਲਿਆਂ ਦੀ ਸਮਰੱਥਾ ਵਧਾਉਣ ਦੀ ਲੋੜ
BBMB ਨੇ ਰਾਜ ਸਰਕਾਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੀਆਂ ਨਦੀਆਂ ਤੇ ਨਾਲਿਆਂ ਦੀ ਸਫ਼ਾਈ ਅਤੇ ਸਮਰੱਥਾ ਵਧਾਉਣ ਲਈ ਪਹਿਲ ਕਰਣ ਤਾਂ ਜੋ ਭਵਿੱਖ ਵਿੱਚ ਡੈਮਾਂ ਤੋਂ ਛੱਡਿਆ ਗਿਆ ਪਾਣੀ ਕਿਸੇ ਵੱਡੀ ਤਬਾਹੀ ਦਾ ਕਾਰਨ ਨਾ ਬਣੇ। ਤ੍ਰਿਪਾਠੀ ਨੇ ਕਿਹਾ ਕਿ ਮੌਜੂਦਾ ਸਮੇਂ ਪਾਣੀ ਦਾ ਵਹਾਅ ਕਾਬੂ ਹੇਠ ਹੈ ਅਤੇ ਜੇ ਅਗਲੇ ਕੁਝ ਦਿਨ ਮੀਂਹ ਨਾ ਪਿਆ ਤਾਂ ਸਥਿਤੀ ਹੋਰ ਸੁਧਰ ਸਕਦੀ ਹੈ।
ਹੜ੍ਹ ਕਾਬੂ ਹੇਠ, ਲੋਕਾਂ ਨੂੰ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ
BBMB ਚੇਅਰਮੈਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ। ਪ੍ਰਸ਼ਾਸਨ ਨੇ ਪਟਿਆਲਾ ਵਿੱਚ ਘੱਗਰ ਦਰਿਆ ਦੇ ਵੱਧ ਰਹੇ ਪਾਣੀ ਕਾਰਨ NDRF ਦੀਆਂ ਟੀਮਾਂ ਤਾਇਨਾਤ ਕੀਤੀਆਂ ਹਨ ਅਤੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।