ਚੰਡੀਗੜ੍ਹ :- ਸੈਕਟਰ-45 ਬੁੜੈਲ ਵਿੱਚ 2019 ‘ਚ ਹੋਏ ਪ੍ਰਾਪਰਟੀ ਡੀਲਰ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਦੇ ਕਤਲ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ, ਜਦਕਿ ਲਾਰੈਂਸ ਗੈਂਗ ਨਾਲ ਜੁੜੇ ਤਿੰਨ ਹੋਰ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਦੀ ਸਜ਼ਾ ਸੰਬੰਧੀ ਅਗਲੀ ਸੁਣਵਾਈ 20 ਫਰਵਰੀ ਨੂੰ ਕੀਤੀ ਜਾਵੇਗੀ।
ਕਿਨ੍ਹਾਂ ਨੂੰ ਮਿਲੀ ਰਾਹਤ, ਕੌਣ ਕਰਾਰ ਦੋਸ਼ੀ
ਫ਼ੈਸਲੇ ਅਨੁਸਾਰ ਲਾਰੈਂਸ ਬਿਸ਼ਨੋਈ ਧਰਮਿੰਦਰ ਸਿੰਘ, ਅਭਿਸ਼ੇਕ ਉਰਫ਼ ਬੰਟੀ, ਰਾਜੂ ਬਸੋਦੀ ਅਤੇ ਦੀਪਕ ਰੰਗਾ ਨੂੰ ਬਰੀ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ੁਭਮ ਉਰਫ਼ ਬਿਗਨੀ, ਮਨਜੀਤ ਉਰਫ਼ ਮੋਟਾ ਅਤੇ ਰਾਜਨ ਉਰਫ਼ ਜਾਟ ਨੂੰ ਅਦਾਲਤ ਨੇ ਦੋਸ਼ੀ ਮੰਨਿਆ। ਦੱਸਿਆ ਜਾਂਦਾ ਹੈ ਕਿ ਸਾਰੇ ਸੰਬੰਧਤ ਵਿਅਕਤੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।
ਕਤਲ ਦੀ ਘਟਨਾ: 14 ਰਾਊਂਡ ਫਾਇਰਿੰਗ
28 ਸਤੰਬਰ 2019 ਨੂੰ ਸੈਕਟਰ-45, ਬੁੜੈਲ ਪਿੰਡ ਵਿੱਚ ਸੋਨੂੰ ਸ਼ਾਹ ਨੂੰ ਉਸਦੇ ਦਫ਼ਤਰ ਅੰਦਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ ਸਨ। ਇਸ ਹਮਲੇ ਵਿੱਚ ਜੋਗਿੰਦਰ ਸਿੰਘ ਅਤੇ ਪਰਮਿੰਦਰ ਵੀ ਜਖ਼ਮੀ ਹੋਏ ਸਨ।
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਸੁਨੇਹਾ ਵਾਇਰਲ ਹੋਇਆ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਰਾਜੂ ਬਸੋਦੀ ਵੱਲੋਂ ਬਿਸ਼ਨੋਈ ਗੈਂਗ ਦੇ ਨਾਂ ‘ਤੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ।
ਟ੍ਰਾਇਲ ਦੌਰਾਨ ਅਹਿਮ ਗਵਾਹ ਗਾਇਬ
ਮੁਕੱਦਮੇ ਦੀ ਸੁਣਵਾਈ ਦੌਰਾਨ ਅਭਿਯੋਜਨ ਪੱਖ ਨੂੰ ਵੱਡਾ ਝਟਕਾ ਉਸ ਵੇਲੇ ਲੱਗਾ ਜਦੋਂ ਮੁੱਖ ਚਸ਼ਮਦੀਦ ਅਤੇ ਜਖ਼ਮੀ ਗਵਾਹ ਜੋਗਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਪੁਲਿਸ ਇਹ ਵੀ ਸਾਬਤ ਨਾ ਕਰ ਸਕੀ ਕਿ ਉਹ ਜੀਊਂਦਾ ਹੈ ਜਾਂ ਉਸਦੀ ਮੌਤ ਹੋ ਚੁੱਕੀ ਹੈ। ਉਸਦਾ ਮੌਤ ਸਰਟੀਫਿਕੇਟ ਵੀ ਪੇਸ਼ ਨਹੀਂ ਕੀਤਾ ਜਾ ਸਕਿਆ।
ਦੂਜੇ ਗਵਾਹ ਪਰਵਿੰਦਰ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦਾ ਨਾਮ ਗਵਾਹਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ। ਇਨ੍ਹਾਂ ਹਾਲਾਤਾਂ ਵਿੱਚ ਅਦਾਲਤ ਨੇ ਅਭਿਯੋਜਨ ਪੱਖ ਦੇ ਸਬੂਤ ਬੰਦ ਕਰ ਦਿੱਤੇ।
ਜਾਂਚ ‘ਚ ਰਹੀਆਂ ਖਾਮੀਆਂ
ਮਾਮਲੇ ਦੀ ਜਾਂਚ ਵਿੱਚ ਕਈ ਕਮੀਆਂ ਵੀ ਸਾਹਮਣੇ ਆਈਆਂ। ਘਟਨਾ ਵਾਲੇ ਦਿਨ ਦੀ ਸੀਸੀਟੀਵੀ ਫੁਟੇਜ ਜ਼ਬਤ ਨਹੀਂ ਕੀਤੀ ਗਈ। ਕਥਿਤ ਵਾਇਸ ਮੈਸੇਜ ਲਈ ਆਵਾਜ਼ ਦੇ ਨਮੂਨੇ ਇਕੱਠੇ ਕੀਤੇ ਗਏ, ਪਰ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਨਹੀਂ ਗਿਆ।
ਮੋਹਾਲੀ ਦੇ ਇੱਕ ਹੋਟਲ ਰਜਿਸਟਰ ਵਿੱਚ ਧਰਮਿੰਦਰ ਦੇ ਦਸਤਖ਼ਤ ਅਤੇ ਆਧਾਰ ਕਾਰਡ ਦੀ ਐਂਟਰੀ ਹੋਣ ਦੀ ਗੱਲ ਸਾਹਮਣੇ ਆਈ ਸੀ ਅਤੇ ਹੈਂਡਰਾਈਟਿੰਗ ਰਿਪੋਰਟ ਵੀ ਪਾਜ਼ੇਟਿਵ ਦੱਸੀ ਗਈ, ਪਰ ਰਜਿਸਟਰ ਪੁਲਿਸ ਰਿਕਾਰਡ ਵਿਚੋਂ ਗਾਇਬ ਹੋ ਗਿਆ।
ਬਚਾਅ ਪੱਖ ਦੇ ਵਕੀਲ ਅਮਿਤ ਖੈਰਵਾਲ ਮੁਤਾਬਕ ਸ਼ਿਕਾਇਤਕਰਤਾ ਅਤੇ ਮ੍ਰਿਤਕ ਦੇ ਭਰਾ ਨੇ ਕੇਵਲ ਤਿੰਨ ਦੋਸ਼ੀਆਂ ਦੀ ਪਛਾਣ ਕੀਤੀ ਸੀ, ਜਦਕਿ ਬਾਕੀ ਮੁਲਜ਼ਮਾਂ ਖ਼ਿਲਾਫ ਢੁੱਕਵੇਂ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ।

