ਚੰਡੀਗੜ੍ਹ :- ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਕੱਢ ਕੇ ਤੰਦਰੁਸਤ, ਸਸ਼ਕਤ ਅਤੇ ਉਮੀਦਾਂ ਨਾਲ ਭਰਪੂਰ ਸੂਬਾ ਬਣਾਉਣ ਦੀ ਦਿਸ਼ਾ ਵਿੱਚ ਮਾਨ ਸਰਕਾਰ ਨੇ ਇਤਿਹਾਸਕ ਕਦਮ ਚੁੱਕੇ ਹਨ। ਜਿੱਥੇ ਕਦੇ ਪਿੰਡਾਂ ਦੇ ਨੌਜਵਾਨਾਂ ਦਾ ਭਵਿੱਖ ਨਸ਼ੇ ਦੀ ਹਨੇਰੀ ਵਿੱਚ ਗੁੰਮ ਹੁੰਦਾ ਜਾਪਦਾ ਸੀ, ਅੱਜ ਓਥੇ ਖੇਡ ਮੈਦਾਨ ਨਵੀਂ ਰੌਸ਼ਨੀ ਬਣ ਕੇ ਉਭਰ ਰਹੇ ਹਨ।
ਹਰ ਪਿੰਡ ‘ਚ ਸਟੇਡੀਅਮ, ਨੌਜਵਾਨਾਂ ਲਈ ਨਵਾਂ ਰਾਹ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਹਰ ਪਿੰਡ ਵਿੱਚ ਆਧੁਨਿਕ ਖੇਡ ਸਟੇਡੀਅਮ ਤਿਆਰ ਕੀਤੇ ਜਾਣਗੇ। ਇਸ ਯੋਜਨਾ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਣਾ ਅਤੇ ਉਨ੍ਹਾਂ ਨੂੰ ਆਪਣੀ ਪਹਿਚਾਣ ਬਣਾਉਣ ਲਈ ਸਹੀ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ।
ਖੇਡਾਂ ਲਈ ਰਿਕਾਰਡ ਬਜਟ, ਇਤਿਹਾਸਕ ਫੈਸਲਾ
ਮਾਨ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਖੇਡਾਂ ਦੇ ਵਿਕਾਸ ਲਈ 979 ਕਰੋੜ ਰੁਪਏ ਰੱਖੇ ਹਨ, ਜੋ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਖੇਡ ਅਲਾਟਮੈਂਟ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਟੀਚਾ ਲਗਭਗ 13 ਹਜ਼ਾਰ ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕਰਨ ਦਾ ਹੈ। ਪਹਿਲੇ ਪੜਾਅ ਵਿੱਚ 3,083 ਪਿੰਡਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਜਲਦ ਹੀ ਪਿੰਡਾਂ ਦੀ ਨਵੀਂ ਪਛਾਣ ਬਣਣਗੇ।
ਖੇਡ ਨੀਤੀ, ਟੂਰਨਾਮੈਂਟ ਤੇ ਨਰਸਰੀਆਂ ਨਾਲ ਪ੍ਰਤਿਭਾ ਨੂੰ ਉਡਾਣ
ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਖੇਡ ਨੀਤੀ ਦਾ ਕੇਂਦਰੀ ਉਦੇਸ਼ ਪ੍ਰਤਿਭਾਵਾਨ ਖਿਡਾਰੀਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਬਰਾਬਰ ਮੌਕੇ ਦੇਣਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਟੂਰਨਾਮੈਂਟਾਂ ਰਾਹੀਂ ਲੱਖਾਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜ ਰਹੇ ਹਨ। ਤੀਜੇ ਸੰਸਕਰਨ ਦੌਰਾਨ ਪੰਜ ਲੱਖ ਦੇ ਕਰੀਬ ਖਿਡਾਰੀਆਂ ਨੇ 37 ਖੇਡਾਂ ਵਿੱਚ ਹਿੱਸਾ ਲਿਆ, ਜਿਸ ਵਿੱਚ ਪੈਰਾਸਪੋਰਟਸ ਵੀ ਸ਼ਾਮਲ ਰਹੇ।
ਇਸਦੇ ਨਾਲ ਹੀ, ਸੂਬੇ ਵਿੱਚ 1,000 ਖੇਡ ਨਰਸਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ, ਜਿੱਥੇ ਵਿਸ਼ਵ ਪੱਧਰੀ ਕੋਚਿੰਗ ਅਤੇ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਵਿਰਾਸਤੀ ਖੇਡਾਂ ਨੂੰ ਮਿਲੀ ਨਵੀਂ ਜ਼ਿੰਦਗੀ
ਪੰਜਾਬ ਦੀ ਸੱਭਿਆਚਾਰਕ ਪਹਿਚਾਣ ਨੂੰ ਮਜ਼ਬੂਤ ਕਰਨ ਲਈ ਮਾਨ ਸਰਕਾਰ ਨੇ ਰਵਾਇਤੀ ਖੇਡਾਂ ‘ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਬੈਲ ਗੱਡੀ ਦੌੜ, ਕੁੱਤਾ ਦੌੜ ਅਤੇ ਘੋੜ ਦੌੜ ਵਰਗੀਆਂ ਵਿਰਾਸਤੀ ਖੇਡਾਂ ਮੁੜ ਸ਼ੁਰੂ ਹੋਣ ਨਾਲ ਨੌਜਵਾਨ ਆਪਣੀਆਂ ਜੜ੍ਹਾਂ ਨਾਲ ਜੁੜ ਰਹੇ ਹਨ।
ਰੰਗਲਾ ਪੰਜਾਬ ਬਣਾਉਣ ਵੱਲ ਮਜ਼ਬੂਤ ਕਦਮ
ਖੇਡਾਂ ਦੇ ਨਾਲ-ਨਾਲ ਸਿੱਖਿਆ, ਕਾਨੂੰਨ ਵਿਵਸਥਾ ਅਤੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਸੁਧਾਰ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲੈ ਜਾ ਰਹੇ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਖੇਡਾਂ ਅਤੇ ਜਿੰਮ ਸਹੂਲਤਾਂ ਨਾਲ ਇੱਕ ਸਿਹਤਮੰਦ ਸਮਾਜ ਦੀ ਨੀਂਹ ਰੱਖੀ ਜਾ ਰਹੀ ਹੈ।
ਨਸ਼ਿਆਂ ਤੋਂ ਮੁਕਤੀ ਦੀ ਨਵੀਂ ਉਮੀਦ
ਮਾਨ ਸਰਕਾਰ ਦੀ ਇਹ ਪਹਲ ਸਿਰਫ਼ ਖੇਡ ਨੀਤੀਆਂ ਤੱਕ ਸੀਮਤ ਨਹੀਂ, ਸਗੋਂ ਇਹ ਨਸ਼ਿਆਂ ਨਾਲ ਜੂਝ ਰਹੇ ਨੌਜਵਾਨਾਂ ਲਈ ਨਵੀਂ ਸ਼ੁਰੂਆਤ ਦਾ ਸੰਕੇਤ ਹੈ। ਪੰਜਾਬ ਅੱਜ ਬਦਲਾਅ ਦੇ ਇੱਕ ਅਹਿਮ ਦੌਰ ਵਿੱਚ ਖੜ੍ਹਾ ਹੈ, ਜਿੱਥੇ ਨੌਜਵਾਨ ਨਸ਼ਿਆਂ ਨਹੀਂ, ਖੇਡਾਂ ਰਾਹੀਂ ਆਪਣੇ ਸੁਪਨੇ ਸਾਕਾਰ ਕਰਨ ਲਈ ਤਿਆਰ ਹਨ।

