ਕੈਨੇਡਾ :- ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਵਿੱਚ ਐਬਟਸਫੋਰਡ ਦੇ ਟਾਊਨਲਾਈਨ ਖੇਤਰ ‘ਚ ਦਿਨ ਦਿਹਾੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਹੈ, ਜਿੱਥੇ ਪ੍ਰਮੁੱਖ ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਹਸੀ ਨੂੰ ਅਣਪਛਾਤੇ ਸ਼ਖ਼ਸਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਉਨ੍ਹਾਂ ਦੇ ਘਰ ਦੇ ਬਾਹਰ ਬਲੂ ਰਿਜ ਡਰਾਈਵ ‘ਤੇ ਵਾਪਰੀ, ਜਿਸ ਕਰਕੇ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਕਾਫ਼ੀ ਸਹਿਮ ਫੈਲ ਗਿਆ ਹੈ।
ਮੂਲ ਰੂਪ ਵਿੱਚ ਲੁਧਿਆਣਾ ਦੇ ਨੇੜਲੇ ਪਿੰਡ ਰਾਜਗੜ੍ਹ ਦੇ ਸਨ ਨਿਵਾਸੀ
ਦਰਸ਼ਨ ਸਿੰਘ ਸਾਹਸੀ ਦਾ ਜਨਮ ਪਿੰਡ ਰਾਜਗੜ੍ਹ, ਦੋਰਾਹਾ (ਜ਼ਿਲ੍ਹਾ ਲੁਧਿਆਣਾ) ਵਿੱਚ ਹੋਇਆ ਸੀ। ਕਈ ਸਾਲ ਪਹਿਲਾਂ ਉਹ ਕੈਨੇਡਾ ਵਿੱਚ ਜਾ ਕੇ बसे ਸਨ ਅਤੇ ਮੈਪਲ ਰਿਜ, ਬੀਸੀ ਵਿਚ ਕੱਪੜੇ ਰੀਸਾਈਕਲਿੰਗ ਦਾ ਸਫ਼ਲ ਕਾਰੋਬਾਰ ਚਲਾ ਰਹੇ ਸਨ। ਉਨ੍ਹਾਂ ਦੇ ਕਾਰੋਬਾਰ ਵਿੱਚ ਪੰਜਾਬੀ ਮੂਲ ਦੇ ਕਈ ਲੋਕ ਵੀ ਰੁਜ਼ਗਾਰਤ ਸਨ।
ਕਾਰ ਵਿੱਚ ਬੈਠਦੇ ਵਕ਼ਤ ਹਮਲਾ — ਪੁਲਿਸ ਨੇ ਇਲਾਕਾ ਕੀਤਾ ਸੀਲ
ਪੁਲਿਸ ਮੁਤਾਬਕ, ਸੋਮਵਾਰ ਸਵੇਰੇ ਲਗਭਗ 9:30 ਵਜੇ ਸਾਹਸੀ ਆਪਣੀ ਕਾਰ ਵਿੱਚ ਬੈਠੇ ਸਨ, ਜਦੋਂ ਅਚਾਨਕ ਹਮਲਾਵਰਾਂ ਨੇ ਨੇੜੇ ਆ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਐਮਰਜੈਂਸੀ ਰਿਸਪਾਂਸ ਟੀਮ ਮੌਕੇ ‘ਤੇ ਪਹੁੰਚੀ, ਉਹ ਤਬ ਤੱਕ ਜਾਨ ਗੁਆ ਚੁੱਕੇ ਸਨ। ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਤਿੰਨ ਸਕੂਲ ਤੁਰੰਤ ਬੰਦ ਕਰ ਦਿੱਤੇ ਗਏ ਅਤੇ ਪੂਰੇ ਖੇਤਰ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਪਰਿਵਾਰ ਨੇ ਕਿਹਾ — ਕੋਈ ਰੰਜਿਸ਼ ਨਹੀਂ ਸੀ, ਨਾ ਹੀ ਕੋਈ ਧਮਕੀ ਮਿਲੀ
ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਕਿਸੇ ਨਾਲ ਕੋਈ ਝਗੜਾ ਜਾਂ ਨਿੱਜੀ ਰੰਜਿਸ਼ ਨਹੀਂ ਸੀ।
ਅਰਪਨ ਨੇ ਕਿਹਾ,
“ਨਾ ਕਿਸੇ ਤਰ੍ਹਾਂ ਦੀ ਧਮਕੀ ਮਿਲੀ ਤੇ ਨਾ ਹੀ ਕਦੇ ਕੋਈ ਦਬਾਅ ਜਾਂ ਵਸੂਲੀ ਦੀ ਕੋਸ਼ਿਸ਼ ਹੋਈ। ਸਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਉਂ ਤੇ ਕਿਸ ਨੇ ਕੀਤਾ।
ਕਿਸਾਨੀ ਤੋਂ ਕਰੂਜ਼ ਜਹਾਜ਼ ਤੱਕ, ਫਿਰ ਕੈਨੇਡਾ ਵਿੱਚ ਵੱਡਾ ਸਫ਼ਰ
ਪਰਿਵਾਰ ਮੁਤਾਬਕ ਦਰਸ਼ਨ ਸਿੰਘ ਪਹਿਲਾਂ ਪੰਜਾਬ ਵਿੱਚ ਕਿਸਾਨੀ ਕਰਦੇ ਸਨ। ਉਸ ਤੋਂ ਬਾਅਦ ਉਹ ਕਰੂਜ਼ ਜਹਾਜ਼ ‘ਤੇ ਨੌਕਰੀ ਕਰਨ ਲੱਗੇ ਅਤੇ ਫਿਰ ਕੈਨੇਡਾ ਜਾ ਕੇ ਉਨ੍ਹਾਂ ਨੇ ਆਪਣਾ ਕਾਰੋਬਾਰ ਖੜ੍ਹਾ ਕੀਤਾ। ਉਹ ਮਦਦਗਾਰ ਸੁਭਾਅ ਵਾਲੇ ਤੇ ਪੰਜਾਬੀ ਸੰਗਤ ਵਿੱਚ ਕਾਫ਼ੀ ਮਾਣ-ਇੱਜ਼ਤ ਰੱਖਦੇ ਸਨ।

