ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਨਾਲ ਹੀ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ। ਸੈਸ਼ਨ ਦੀ ਸ਼ੁਰੂਆਤ ਦੌਰਾਨ ਗੁਲਾਬ ਚੰਦ ਕਟਾਰੀਆ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ “ਸਤਿ ਸ੍ਰੀ ਅਕਾਲ” ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸਦਨ ਨੂੰ ਸੰਬੋਧਿਤ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਆਉਣ ਵਾਲਾ ਬਜਟ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਕਾਂਗਰਸ ਵੱਲੋਂ ਭਾਸ਼ਣ ਦੌਰਾਨ ਹੰਗਾਮਾ
ਰਾਜਪਾਲ ਦੇ ਭਾਸ਼ਣ ਦੀ ਸ਼ੁਰੂਆਤ ਨਾਲ ਹੀ ਵਿਰੋਧੀ ਧਿਰ ਕਾਂਗਰਸ ਵੱਲੋਂ ਸਦਨ ਵਿੱਚ ਵਿਰੋਧ ਕੀਤਾ ਗਿਆ। ਇਸ ਦੌਰਾਨ ਰਾਜਪਾਲ ਨੇ ਹੰਗਾਮਾ ਕਰਨ ਵਾਲੇ ਮੈਂਬਰਾਂ ਨੂੰ ਸੰਯਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮਸਲੇ ਉਚਿਤ ਸਮੇਂ ‘ਤੇ ਉਠਾਉਣ, ਕਿਉਂਕਿ ਸਦਨ ਵਿੱਚ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
ਬੈਂਡ ਵਾਜਿਆਂ ਨਾਲ ਵਿਧਾਨ ਸਭਾ ਪਹੁੰਚੇ ਮੰਤਰੀ, ਵਿਰੋਧੀ ਧਿਰ ਨੇ ਉਠਾਇਆ ਮਸਲਾ
ਸੈਸ਼ਨ ਦੌਰਾਨ ਇੱਕ ਹੋਰ ਮਾਮਲਾ ਵੀ ਚਰਚਾ ਦਾ ਕੇਂਦਰ ਬਣਿਆ, ਜਦੋਂ ‘ਆਪ’ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਬੈਂਡ ਵਾਜਿਆਂ ਦੇ ਨਾਲ ਵਿਧਾਨ ਸਭਾ ਪਹੁੰਚ ਗਏ। ਇਸ ਘਟਨਾ ‘ਤੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਿੱਖਾ ਐਤਰਾਜ਼ ਜਤਾਇਆ ਅਤੇ ਇਸਨੂੰ ਸੁਰੱਖਿਆ ਵਿੱਚ ਕਮੀ ਕਰਾਰ ਦਿੰਦਿਆਂ ਇਸ ਬਾਰੇ ਚੰਡੀਗੜ੍ਹ ਪੁਲਿਸ ਅਤੇ ਰਾਜਪਾਲ ਕੋਲ ਸ਼ਿਕਾਇਤ ਦਰਜ ਕਰਵਾਈ।
ਸਿਹਤ ਯੋਜਨਾਵਾਂ ਅਤੇ ਮੈਡੀਕਲ ਸਹੂਲਤਾਂ ਦਾ ਕੀਤਾ ਜ਼ਿਕਰ
ਆਪਣੇ ਭਾਸ਼ਣ ਦੌਰਾਨ ਰਾਜਪਾਲ ਕਟਾਰੀਆ ਨੇ ਸਰਕਾਰ ਦੀਆਂ ਸਿਹਤ ਸੰਬੰਧੀ ਪਹਿਲਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਕਵਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਪੈਨਲ ਵਿੱਚ ਸ਼ਾਮਲ ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ ਕਿਡਨੀ ਟ੍ਰਾਂਸਪਲਾਂਟ ਸੇਵਾ ਸ਼ੁਰੂ ਕਰਨ ਦੀ ਗੱਲ ਵੀ ਉਨ੍ਹਾਂ ਨੇ ਦੱਸੀ।
ਆਮ ਆਦਮੀ ਕਲੀਨਿਕਾਂ ਅਤੇ ਕੈਂਸਰ ਇਲਾਜ ‘ਤੇ ਜ਼ੋਰ
ਰਾਜਪਾਲ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ 800 ਤੋਂ ਵੱਧ ਆਮ ਆਦਮੀ ਕਲੀਨਿਕ ਚੱਲ ਰਹੇ ਹਨ ਜਿੱਥੇ ਲੋਕਾਂ ਨੂੰ ਮੁਫ਼ਤ ਜਾਂਚ ਅਤੇ ਦਵਾਈਆਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕੈਂਸਰ ਦੇ ਇਲਾਜ ਲਈ ਵੀ ਸੂਬੇ ਵਿੱਚ ਵਧੀਆ ਸਹੂਲਤਾਂ ਉਪਲਬਧ ਹੋ ਰਹੀਆਂ ਹਨ, ਜਿਸ ਨਾਲ ਮਰੀਜ਼ਾਂ ਨੂੰ ਪਹਿਲਾਂ ਵਾਂਗ ਦੂਰ-ਦੂਰ ਇਲਾਜ ਲਈ ਜਾਣ ਦੀ ਲੋੜ ਘੱਟ ਹੋ ਰਹੀ ਹੈ।

