ਚੰਡੀਗੜ੍ਹ :- ਸਮਾਜ ਦੇ ਪਿੱਛੜੇ ਅਤੇ ਵਿਸ਼ੇਸ਼ ਲੋੜਾਂ ਵਾਲੇ ਵਰਗਾਂ ਨੂੰ ਮੁੱਖਧਾਰਾ ਨਾਲ ਜੋੜਨ ਵੱਲ ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਵਿੱਚ ਪੜ੍ਹ ਰਹੇ ਅਨਾਥ ਅਤੇ ਨੇਤਰਹੀਣ ਵਿਦਿਆਰਥੀਆਂ ਲਈ ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ (ਕੋਪਾ-ਵੀ.ਆਈ.) ਟਰੇਡ ਦੀ ਸਾਰੀ ਸਿਖਲਾਈ ਫੀਸ ਮੁਆਫ ਕਰਨ ਦਾ ਫੈਸਲਾ ਕੀਤਾ ਹੈ।
9 ਸਰਕਾਰੀ ITI ਸੰਸਥਾਵਾਂ ਨੂੰ ਮਿਲੇਗਾ ਲਾਭ
ਸਰਕਾਰ ਦੇ ਇਸ ਫੈਸਲੇ ਨਾਲ ਅਨਾਥ ਆਸ਼ਰਮਾਂ ਅਤੇ ਨੇਤਰਹੀਣ ਬੱਚਿਆਂ ਦੇ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਿੱਧਾ ਫਾਇਦਾ ਮਿਲੇਗਾ। ਮੌਜੂਦਾ ਸਮੇਂ ‘ਚ ਇਹ ਛੂਟ ਰਾਜ ਦੀਆਂ 9 ਸਰਕਾਰੀ ਆਈਟੀਆਈ ਸੰਸਥਾਵਾਂ ਵਿੱਚ ਚੱਲ ਰਹੇ ਕੋਪਾ-ਵੀ.ਆਈ. ਕੋਰਸ ‘ਤੇ ਲਾਗੂ ਹੋਵੇਗੀ।
ਵਿੱਤੀ ਬੋਝ ਨਹੀਂ, ਮਨੁੱਖੀ ਪੂੰਜੀ ‘ਚ ਨਿਵੇਸ਼
ਫੈਸਲੇ ਦੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਇਸ ਕਦਮ ਨੂੰ ਖਰਚਾ ਨਹੀਂ, ਸਗੋਂ ਭਵਿੱਖ ਦੀ ਮਨੁੱਖੀ ਪੂੰਜੀ ‘ਚ ਨਿਵੇਸ਼ ਵਜੋਂ ਦੇਖ ਰਹੀ ਹੈ। ਉਨ੍ਹਾਂ ਦੱਸਿਆ ਕਿ 29 ਜਨਵਰੀ 2026 ਨੂੰ ਹੋਈ ਬਜਟ ਮੀਟਿੰਗ ਦੌਰਾਨ ਇਸ ਮਸਲੇ ‘ਤੇ ਗੰਭੀਰ ਚਰਚਾ ਹੋਈ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਹੁਨਰਮੰਦ ਪੰਜਾਬ ਵੱਲ ਇੱਕ ਹੋਰ ਕਦਮ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਗਰੀਬੀ ਜਾਂ ਅਸਹਾਇਤਾ ਕਿਸੇ ਵੀ ਵਿਦਿਆਰਥੀ ਦੀ ਤਕਨੀਕੀ ਤਰੱਕੀ ‘ਚ ਰੁਕਾਵਟ ਨਾ ਬਣੇ। ਫੀਸ ਮੁਆਫੀ ਨਾਲ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਨੂੰ ਆਈਟੀ ਖੇਤਰ ‘ਚ ਹੁਨਰ ਹਾਸਲ ਕਰਕੇ ਸਨਮਾਨਜਨਕ ਰੋਜ਼ਗਾਰ ਦੇ ਮੌਕੇ ਮਿਲਣਗੇ।

