ਚੰਡੀਗੜ੍ਹ :- ਪੰਜਾਬ ਰੋਪੜ ਰੇਂਜ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਰਿਸ਼ਵਤ ਮਾਮਲੇ ਵਿੱਚ ਫੜ੍ਹੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਤੋਂ ਬਾਅਦ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ‘ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।
ਪੁੱਛਗਿੱਛ ਦੌਰਾਨ ਵੱਡੇ ਖੁਲਾਸਿਆਂ ਦੀ ਸੰਭਾਵਨਾ
ਸੀ.ਬੀ.ਆਈ. ਅਧਿਕਾਰੀਆਂ ਦੇ ਅਨੁਸਾਰ ਰਿਮਾਂਡ ਦੌਰਾਨ ਕ੍ਰਿਸ਼ਨੂ ਸ਼ਾਰਦਾ ਤੋਂ ਪੁੱਛਗਿੱਛ ਕਰ ਕੇ ਰਿਸ਼ਵਤਖੋਰੀ ਦੇ ਪੂਰੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਇਹ ਸਿਰਫ਼ ਇੱਕ ਅਧਿਕਾਰੀ ਤੱਕ ਸੀਮਿਤ ਮਾਮਲਾ ਨਹੀਂ, ਸਗੋਂ ਇਸ ਵਿੱਚ ਹੋਰ ਉੱਚ ਅਹੁਦਿਆਂ ਵਾਲੇ ਅਫ਼ਸਰਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਭੂਮਿਕਾ ਵੀ ਸਾਹਮਣੇ ਆ ਸਕਦੀ ਹੈ।
ਹੋਰ ਅਧਿਕਾਰੀ ਵੀ ਰਾਡਾਰ ‘ਤੇ
ਸਰੋਤਾਂ ਮੁਤਾਬਕ ਕ੍ਰਿਸ਼ਨੂ ਸ਼ਾਰਦਾ ਕਾਫ਼ੀ ਸਮੇਂ ਤੋਂ ਕਈ ਪੁਲਸ ਅਧਿਕਾਰੀਆਂ ਅਤੇ ਰਾਜਨੀਤਿਕ ਵਿਅਕਤੀਆਂ ਲਈ “ਵਿਚੋਲੇ” ਵਜੋਂ ਕੰਮ ਕਰਦਾ ਸੀ ਅਤੇ ਉਨ੍ਹਾਂ ਲਈ ਰਕਮ ਇਕੱਠੀ ਕਰਨ ਦਾ ਕੰਮ ਸੰਭਾਲਦਾ ਸੀ। ਇਸ ਲਈ ਸੀ.ਬੀ.ਆਈ. ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਰਾਹੀਂ ਹੋਰ ਨਾਮਾਂ ਦਾ ਖ਼ੁਲਾਸਾ ਹੋ ਸਕਦਾ ਹੈ।

