ਚੰਡੀਗੜ੍ਹ :- ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਸੀਤ ਲਹਿਰ ਨੇ ਆਮ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਹੈਰਾਨੀਜਨਕ ਤੌਰ ‘ਤੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਪਹਾੜੀ ਖੇਤਰਾਂ ਨਾਲੋਂ ਵੀ ਹੇਠਾਂ ਚਲਾ ਗਿਆ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਲਗਭਗ ਜਮਾਅ ਬਿੰਦੂ ਨੂੰ ਛੂਹਦਾ ਨਜ਼ਰ ਆਇਆ। ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਕਰੀਬ 5 ਡਿਗਰੀ ਘੱਟ ਰਿਹਾ। ਉੱਧਰ, ਅੰਮ੍ਰਿਤਸਰ ਵਿੱਚ ਰਾਤ ਦਾ ਤਾਪਮਾਨ 1.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਧੁੰਦ ਨੇ ਘੇਰੇ ਸ਼ਹਿਰ, ਦ੍ਰਿਸ਼ਟੀ ਨਗਣ ਰਹੀ
ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਨੇ ਸਵੇਰੇ ਦੇ ਸਮੇਂ ਆਵਾਜਾਈ ਨੂੰ ਮੁਸ਼ਕਲ ਬਣਾ ਦਿੱਤਾ। ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ ਅਤੇ ਫਰੀਦਕੋਟ ਵਿੱਚ ਤਾਪਮਾਨ 2 ਡਿਗਰੀ ਤੋਂ ਹੇਠਾਂ ਰਿਹਾ। ਧੁੰਦ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਬਿਲਕੁਲ ਜ਼ੀਰੋ ਰਹੀ, ਐਸਬੀਐਸ ਨਗਰ ਵਿੱਚ ਸਿਰਫ਼ 10 ਮੀਟਰ, ਬਠਿੰਡਾ, ਫਰੀਦਕੋਟ ਤੇ ਗੁਰਦਾਸਪੁਰ ਵਿੱਚ 50 ਮੀਟਰ ਤੋਂ ਘੱਟ ਅਤੇ ਪਟਿਆਲਾ ਵਿੱਚ ਲਗਭਗ 100 ਮੀਟਰ ਦਰਜ ਕੀਤੀ ਗਈ।
ਠੰਢ ਤੋਂ ਫੌਰੀ ਰਾਹਤ ਨਹੀਂ, ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਨੇ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਠੰਢ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇਸਦਾ ਅਰਥ ਹੈ ਕਿ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰ ਵੀ ਸਖ਼ਤ ਸੀਤ ਲਹਿਰ ਅਤੇ ਧੁੰਦ ਦੇ ਸਾਏ ਹੇਠ ਮਨਾਉਣੇ ਪੈਣਗੇ। ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ ਅਤੇ ਕਈ ਪੁਰਾਣੇ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ।
17-18 ਜਨਵਰੀ ਨੂੰ ਮੀਂਹ ਦੀ ਆਸ
ਮੌਸਮ ਵਿਗਿਆਨੀਆਂ ਦੇ ਅਨੁਸਾਰ 17 ਅਤੇ 18 ਜਨਵਰੀ ਨੂੰ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ, ਜਿਸ ਨਾਲ ਸੁੱਕੀ ਠੰਢ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਰਖਾ ਦੀ ਘਾਟ ਕਾਰਨ ਮੌਜੂਦਾ ਸਮੇਂ ਸੁੱਕੀ ਸੀਤ ਲਹਿਰ ਬਣੀ ਹੋਈ ਹੈ। ਹਾਲਾਂਕਿ ਕਈ ਥਾਵਾਂ ‘ਤੇ ਧੁੱਪ ਨਿਕਲਣੀ ਸ਼ੁਰੂ ਹੋਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਵਧਣ ਦੀ ਉਮੀਦ ਹੈ।
ਸਿਹਤ ਵਿਭਾਗ ਦੀ ਅਪੀਲ, ਸਾਵਧਾਨੀ ਜ਼ਰੂਰੀ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਲੋਕਾਂ ਨੂੰ ਅਤਿ-ਠੰਢ ਦੌਰਾਨ ਖ਼ਾਸ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਇਹ ਮੌਸਮ ਖ਼ਤਰਨਾਕ ਹੋ ਸਕਦਾ ਹੈ। ਸਿਹਤ ਮੰਤਰੀ ਨੇ ਸਲਾਹ ਦਿੱਤੀ ਕਿ ਲੋਕ ਗਰਮ ਕੱਪੜੇ ਪਹਿਨਣ, ਸਵੇਰ ਦੀ ਸੈਰ ਤੋਂ ਬਚਣ ਅਤੇ ਬਹੁਤ ਜ਼ਰੂਰੀ ਹੋਣ ‘ਤੇ ਹੀ ਪੂਰੀ ਤਿਆਰੀ ਨਾਲ ਘਰੋਂ ਬਾਹਰ ਨਿਕਲਣ।

