ਨਵੀਂ ਦਿੱਲੀ :- ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਹਾਸਰਸ ਦੇ ਸਰਤਾਜ ਡਾ. ਜਸਵਿੰਦਰ ਭੱਲਾ ਦੇ ਦੇਹਾਂਤ ਮਗਰੋਂ ਦੇਸ਼ ਭਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੱਲਾ ਜੀ ਦੇ ਪਰਿਵਾਰ ਨੂੰ ਲਿਖੀ ਸ਼ੋਕ ਚਿੱਠੀ ਰਾਹੀਂ ਆਪਣੀ ਸੰਵੇਦਨਾ ਪ੍ਰਗਟਾਈ।
ਕਲਾ, ਦਇਆ ਤੇ ਖੇਤੀਬਾੜੀ ਪ੍ਰਤੀ ਜਜ਼ਬੇ ਨੂੰ ਕੀਤਾ ਯਾਦ
ਮੋਦੀ ਨੇ ਆਪਣੇ ਸੰਦੇਸ਼ ਵਿੱਚ ਭੱਲਾ ਜੀ ਦੀ ਹਾਸਰਸ ਭਰੀ ਕਲਾ, ਲੋਕਾਂ ਪ੍ਰਤੀ ਦਇਆ ਭਾਵਨਾ ਅਤੇ ਖੇਤੀਬਾੜੀ ਨਾਲ ਜੋੜੀ ਉਨ੍ਹਾਂ ਦੀ ਉਤਸ਼ਾਹੀ ਸੋਚ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਲਿਖਿਆ ਕਿ ਭੱਲਾ ਜੀ ਦੀਆਂ ਯਾਦਾਂ ਹਮੇਸ਼ਾਂ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣਗੀਆਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਦੀ ਕਲਾ ਨੇ ਸਾਲਾਂ ਤੱਕ ਕਰੋੜਾਂ ਲੋਕਾਂ ਨੂੰ ਹਸਾਇਆ।
ਹਾਸ-ਰਸ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਭੱਲਾ ਪੰਜਾਬੀ ਸਿਨੇਮਾ ਦੇ ਆਈਕਾਨਿਕ ਕਾਮੇਡੀਅਨ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਨਿਰਾਲੀ ਕਾਮੇਡੀ ਟਾਈਮਿੰਗ ਲਈ ਹਰੇਕ ਵਰਗ ਦੇ ਲੋਕ ਪਸੰਦ ਕਰਦੇ ਸਨ। ਉਹ ਆਪਣੀ ਅਦਾਕਾਰੀ ਰਾਹੀਂ ਲੋਕਾਂ ਦੀ ਜ਼ਿੰਦਗੀ ਵਿੱਚ ਸੁਖ, ਖੁਸ਼ੀ ਅਤੇ ਹਾਸਾ ਲਿਆਉਂਦੇ ਰਹੇ।