ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਸਾਰਿਤ ‘ਮਨ ਕੀ ਬਾਤ’ ਦੇ 129ਵੇਂ ਐਪੀਸੋਡ ਦੌਰਾਨ ਦੇਸ਼ ਵਾਸੀਆਂ ਨੂੰ ਸਿਹਤ ਸੰਬੰਧੀ ਇੱਕ ਗੰਭੀਰ ਮੁੱਦੇ ਵੱਲ ਧਿਆਨ ਦਿਵਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਡਾਕਟਰੀ ਸਲਾਹ ਦੇ ਐਂਟੀਬਾਇਓਟਿਕ ਦਵਾਈਆਂ ਲੈਣ ਤੋਂ ਬਚਿਆ ਜਾਵੇ, ਕਿਉਂਕਿ ਇਹ ਆਦਤ ਭਵਿੱਖ ਵਿੱਚ ਖ਼ਤਰਨਾਕ ਨਤੀਜੇ ਲਿਆ ਸਕਦੀ ਹੈ।
ICMR ਦੀ ਰਿਪੋਰਟ ਨੇ ਵਧਾਈ ਚਿੰਤਾ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਤਾਜ਼ਾ ਰਿਪੋਰਟ ਅਨੁਸਾਰ ਨਮੂਨੀਆ ਅਤੇ ਯੂਟੀਆਈ ਵਰਗੀਆਂ ਬੀਮਾਰੀਆਂ ਵਿੱਚ ਕਈ ਐਂਟੀਬਾਇਓਟਿਕਸ ਆਪਣਾ ਅਸਰ ਖੋ ਰਹੀਆਂ ਹਨ। ਇਸ ਦੀ ਮੁੱਖ ਵਜ੍ਹਾ ਲੋਕਾਂ ਵੱਲੋਂ ਦਵਾਈਆਂ ਦੀ ਬਿਨਾਂ ਲੋੜ ਅਤੇ ਬਿਨਾਂ ਮਾਹਿਰ ਸਲਾਹ ਦੇ ਵਰਤੋਂ ਦੱਸੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਸਮਾਜਕ ਸਿਹਤ ਲਈ ਵੀ ਵੱਡੀ ਚੁਣੌਤੀ ਹੈ।
“ਇੱਕ ਗੋਲੀ ਨਾਲ ਸਭ ਠੀਕ ਹੋ ਜਾਵੇਗਾ”—ਇਹ ਸੋਚ ਗਲਤ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜਕੱਲ੍ਹ ਇੱਕ ਭਰਮ ਬਣ ਗਿਆ ਹੈ ਕਿ ਸਿਰਫ਼ ਇੱਕ ਦਵਾਈ ਲੈਣ ਨਾਲ ਹਰ ਬੀਮਾਰੀ ਦੂਰ ਹੋ ਜਾਵੇਗੀ। ਇਸੇ ਸੋਚ ਕਾਰਨ ਇਨਫੈਕਸ਼ਨ ਅਤੇ ਬੈਕਟੀਰੀਆ ਐਂਟੀਬਾਇਓਟਿਕਸ ਦੇ ਖ਼ਿਲਾਫ਼ ਮਜ਼ਬੂਤ ਹੋ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਿਹਤ ਸੰਕਟ ਬਣ ਸਕਦੇ ਹਨ।
ਡਾਕਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਦਵਾਈਆਂ ਸਬੰਧੀ ਹਮੇਸ਼ਾ ਡਾਕਟਰਾਂ ਦੀ ਰਾਹਨੁਮਾਈ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਸਹੀ ਸਮੇਂ ’ਤੇ ਸਹੀ ਦਵਾਈ ਲੈਣ ਦੀ ਆਦਤ ਸਿਹਤ ਨੂੰ ਲੰਬੇ ਸਮੇਂ ਲਈ ਬਿਹਤਰ ਬਣਾਉਂਦੀ ਹੈ।
ਮਨੀਪੁਰ ਵਿੱਚ ਸੂਰਜੀ ਊਰਜਾ ਦੀ ਮਿਸਾਲ ਵੀ ਸਾਂਝੀ ਕੀਤੀ
‘ਮਨ ਕੀ ਬਾਤ’ ਦੌਰਾਨ ਪ੍ਰਧਾਨ ਮੰਤਰੀ ਨੇ ਮਨੀਪੁਰ ਦੇ ਇੱਕ ਦੂਰ-ਦੁਰਾਡੇ ਇਲਾਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਸੂਰਜੀ ਊਰਜਾ ਨੇ ਉੱਥੇ ਬਿਜਲੀ ਦੀ ਸਮੱਸਿਆ ਦਾ ਹੱਲ ਕੱਢਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਸਥਾਨਕ ਹਾਲਾਤਾਂ ਨੂੰ ਸਮਝਦਿਆਂ ਸੂਰਜੀ ਊਰਜਾ ਨੂੰ ਅਪਣਾ ਕੇ ਨਾ ਸਿਰਫ਼ ਆਪਣੀ ਰੋਜ਼ੀ-ਰੋਟੀ ਸੁਧਾਰੀ, ਸਗੋਂ ਸਿਹਤ ਅਤੇ ਜੀਵਨਸ਼ੈਲੀ ਨੂੰ ਵੀ ਬਿਹਤਰ ਬਣਾਇਆ।
ਸਮਾਜਿਕ ਭਲਾਈ ਲਈ ‘ਮਨ ਕੀ ਬਾਤ’ ਦਾ ਮੰਚ
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਨ ਕੀ ਬਾਤ’ ਉਨ੍ਹਾਂ ਲਈ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਸਮਾਜ ਦੀ ਭਲਾਈ ਨਾਲ ਜੁੜੇ ਅਹਿਮ ਵਿਸ਼ਿਆਂ ’ਤੇ ਗੱਲ ਕਰਨ ਦਾ ਮਾਧਿਅਮ ਹੈ। ਇਸ ਰਾਹੀਂ ਉਹ ਦੇਸ਼ ਵਾਸੀਆਂ ਨੂੰ ਸਚੇਤ, ਜਾਗਰੂਕ ਅਤੇ ਜ਼ਿੰਮੇਵਾਰ ਬਣਾਉਣ ਦਾ ਯਤਨ ਕਰਦੇ ਹਨ।

