ਕਰਨਾਟਕ :- ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ ਵੀਰਵਾਰ ਦੇਰੀ ਰਾਤ ਨੈਸ਼ਨਲ ਹਾਈਵੇਅ 48 ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ 9 ਲੋਕਾਂ ਦੀ ਜਾਨ ਲੈ ਲਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸਲੀਪਰ ਬੱਸ ਅਤੇ ਤੇਜ਼ ਰਫ਼ਤਾਰ ਟਰੱਕ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ ਅੱਗ ਦੀ ਲਪੇਟ ਵਿੱਚ ਆ ਗਈ।
ਪ੍ਰਧਾਨ ਮੰਤਰੀ ਵੱਲੋਂ ਸੰਵੇਦਨਾ ਅਤੇ ਮੁਆਵਜ਼ੇ ਦਾ ਐਲਾਨ
ਇਸ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ 2–2 ਲੱਖ ਰੁਪਏ ਅਤੇ ਜ਼ਖ਼ਮੀ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ।
ਕਿਵੇਂ ਵਾਪਰਿਆ ਹਾਦਸਾ
ਪੂਰਬੀ ਜ਼ੋਨ ਦੇ ਪੁਲਸ ਇੰਸਪੈਕਟਰ ਜਨਰਲ ਰਵੀਕਾਂਤ ਗੌੜਾ ਅਨੁਸਾਰ, ਬੱਸ ਗੋਕਰਨ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਟਰੱਕ ਅਚਾਨਕ ਬੇਕਾਬੂ ਹੋ ਗਿਆ, ਡਿਵਾਈਡਰ ਪਾਰ ਕਰਦਾ ਹੋਇਆ ਸਵਾਰੀਆਂ ਨਾਲ ਭਰੀ ਬੱਸ ਨਾਲ ਟਕਰਾ ਗਿਆ। ਟੱਕਰ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਨਾਲ ਹਾਲਾਤ ਬੇਕਾਬੂ ਹੋ ਗਏ।
ਡਰਾਈਵਰ ਬਚੇ, ਟਰੱਕ ਸਵਾਰਾਂ ਦੀ ਮੌਤ
ਪੁਲਸ ਮੁਤਾਬਕ, ਇਸ ਹਾਦਸੇ ਵਿੱਚ ਬੱਸ ਡਰਾਈਵਰ ਅਤੇ ਉਸਦਾ ਸਹਾਇਕ ਜਾਨ ਬਚਾਉਣ ਵਿੱਚ ਕਾਮਯਾਬ ਰਹੇ, ਪਰ ਟਰੱਕ ਡਰਾਈਵਰ ਅਤੇ ਉਸਦਾ ਸਹਾਇਕ ਮੌਕੇ ’ਤੇ ਹੀ ਮਾਰੇ ਗਏ।
ਜ਼ਖ਼ਮੀ ਹਸਪਤਾਲ ਦਾਖਲ, ਜਾਂਚ ਜਾਰੀ
ਜ਼ਖ਼ਮੀਆਂ ਨੂੰ ਤੁਮਕੁਰ ਜ਼ਿਲ੍ਹੇ ਦੇ ਸ਼ੀਰਾ ਸਥਿਤ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਕਈ ਯਾਤਰੀ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਰਹੇ। ਪੁਲਸ ਵੱਲੋਂ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।

