ਨਵੀਂ ਦਿੱਲੀ :- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੋਂ ਸੋਮਵਾਰ ਦੀ ਸਵੇਰ ਇੱਕ ਵੱਡੀ ਆਤੰਕੀ ਕਾਰਵਾਈ ਦੀ ਖ਼ਬਰ ਸਾਹਮਣੇ ਆਈ ਹੈ। ਪੈਰਾਮਿਲਟਰੀ ਫੋਰਸ ਦੇ ਹੈੱਡਕੁਆਰਟਰ ‘ਤੇ ਦੋ ਆਤਮਘਾਤੀ ਹਮਲਾਵਰਾਂ ਨੇ ਧਮਾਕਿਆਂ ਅਤੇ ਫਾਇਰਿੰਗ ਰਾਹੀਂ ਦਹਿਸ਼ਤ ਫੈਲਾ ਦਿੱਤੀ। ਹਮਲੇ ਦੇ ਨਤੀਜੇ ਵਜੋਂ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਇਲਾਕੇ ਵਿੱਚ ਕਈ ਘੰਟਿਆਂ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਮੇਨ ਗੇਟ ’ਤੇ ਧਮਾਕਾ, ਦੂਜਾ ਹਮਲਾਵਰ ਅੰਦਰ ਵੜਿਆ
ਪਹਿਲੇ ਹਮਲਾਵਰ ਨੇ ਕੰਸਟੇਬੁਲਰੀ ਹੈੱਡਕੁਆਰਟਰ ਦੇ ਮੁੱਖ ਗੇਟ ’ਤੇ ਆਪਣੇ ਆਪ ਨੂੰ ਉਡਾ ਲਿਆ। ਧਮਾਕੇ ਨਾਲ ਹੀ ਦੂਜੇ ਹਮਲਾਵਰ ਨੇ ਕੰਪਾਊਂਡ ਦੇ ਅੰਦਰ ਦਾਖਿਲ ਹੋ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੰਦਰੋਂ ਕਈ ਮਿੰਟ ਤੱਕ ਗੋਲੀਆਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਿਹਾ। ਸੀਨੀਅਰ ਅਧਿਕਾਰੀਆਂ ਅਨੁਸਾਰ, ਹਮਲਾਵਰਾਂ ਦਾ ਟੀਚਾ ਸੁਰੱਖਿਆ ਕੰਪਾਊਂਡ ਦੇ ਕੇਂਦਰੀ ਹਿੱਸੇ ਤੱਕ ਪਹੁੰਚਣਾ ਸੀ।
ਫੌਜ ਦਾ ਚਾਰੋਂ ਪਾਸੇ ਘੇਰਾ, ਕਲੀਅਰੈਂਸ ਓਪਰੇਸ਼ਨ ਜਾਰੀ
ਹਮਲੇ ਦੇ ਤੁਰੰਤ ਬਾਅਦ ਪਾਕਿਸਤਾਨੀ ਫੌਜ ਅਤੇ ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਲਿਆ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਕੰਪਾਊਂਡ ਦੇ ਅੰਦਰ ਹੋਰ ਹਮਲਾਵਰ ਛੁਪੇ ਹੋ ਸਕਦੇ ਹਨ, ਜਿਸ ਕਰਕੇ ਇਲਾਕੇ ਵਿੱਚ ਕਲੀਅਰੈਂਸ ਓਪਰੇਸ਼ਨ ਲੰਬੇ ਸਮੇਂ ਤੱਕ ਜਾਰੀ ਰਿਹਾ।
ਹੈੱਡਕੁਆਰਟਰ ਪੇਸ਼ਾਵਰ ਦੇ ਸਭ ਤੋਂ ਰਸ਼ ਵਾਲੇ ਸਦਰ ਬਾਜ਼ਾਰ ਨੇੜੇ ਸਥਿਤ ਹੈ, ਜਿਸ ਕਰਕੇ ਦਹਿਸ਼ਤ ਦਾ ਪ੍ਰਭਾਵ ਆਲੇ-ਦੁਆਲੇ ਦੇ ਨਿਵਾਸੀਆਂ ਅਤੇ ਵਪਾਰੀਆਂ ‘ਤੇ ਵੀ ਪਿਆ।
ਐਫਸੀ ਚੌਕ ’ਤੇ ਲਗਾਤਾਰ ਧਮਾਕੇ, ਲੋਕ ਬਚਾਅ ਲਈ ਭੱਜੇ
ਸਥਾਨਕ ਲੋਕਾਂ ਅਨੁਸਾਰ, ਹਮਲੇ ਦੇ ਸਮੇਂ ਐਫਸੀ ਚੌਕ ’ਤੇ ਦੋ ਤਗੜੇ ਧਮਾਕੇ ਹੋਏ, ਜਿਨ੍ਹਾਂ ਤੋਂ ਬਾਅਦ ਬਾਜ਼ਾਰ ਵਿੱਚ ਭਗਦੜ ਮਚ ਗਈ। ਸੋਸ਼ਲ ਮੀਡੀਆ ’ਤੇ ਆਏ ਵੀਡੀਓਜ਼ ਵਿੱਚ ਲੋਕ ਆਪਣੀਆਂ ਜਾਨਾਂ ਬਚਾਉਂਦੇ ਹੋਏ ਗਲੀਆਂ ਵਿੱਚ ਦੌੜਦੇ ਦਿੱਖੇ।
ਸੁਰੱਖਿਆ ਕਾਰਨਾਂ ਕਰਕੇ ਇਲਾਕੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਦਾਖਲਾ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।
TTP ਨਾਲ ਸ਼ਾਂਤੀ ਪ੍ਰਕਿਰਿਆ ਟੁੱਟਣ ਤੋਂ ਬਾਅਦ ਹਮਲੇ ਵਧੇ
ਪਾਕਿਸਤਾਨ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਅੱਤਵਾਦੀ ਹਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਖਾਸ ਕਰਕੇ ਖੈਬਰ ਪਖ਼ਤੂਨਖਵਾ ਤੇ ਬਲੋਚਿਸਤਾਨ ਵਿਚ ਹਾਲਾਤ ਵਧੇਰੇ ਖਰਾਬ ਹਨ।
ਸੁਰੱਖਿਆ ਏਜੰਸੀਆਂ ਇਹ ਹਮਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਸਰਕਾਰ ਦਾ ਸ਼ਾਂਤੀ ਸਮਝੌਤਾ ਟੁੱਟਣ ਨਾਲ ਜੋੜ ਰਹੀਆਂ ਹਨ, ਜਿਸ ਤੋਂ ਬਾਅਦ TTP ਨੇ ਸੁਰੱਖਿਆ ਢਾਂਚਿਆਂ ਨੂੰ ਨਿਸ਼ਾਨਾ ਬਣਾਉਣਾ ਤੇਜ਼ ਕਰ ਦਿੱਤਾ ਹੈ।

