ਨਾਭਾ :- ਸ਼ਹਿਰ ਦੇ ਨਾਭਾ ਵਿਖੇ ਹਾਥੀ ਖਾਨਾ ਇਲਾਕੇ ਦੇ ਨੇੜੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਖੁੱਲ੍ਹੇ ਪਏ ਬਰਸਾਤੀ ਨਾਲੇ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਨਾਲਾ ਕਾਫ਼ੀ ਸਮੇਂ ਤੋਂ ਬਿਨਾਂ ਢੱਕਣ ਦੇ ਹੀ ਚੱਲ ਰਿਹਾ ਹੈ ਅਤੇ ਇਸ ਦੀ ਡੂੰਘਾਈ ਕਰੀਬ 6 ਤੋਂ 7 ਫੁੱਟ ਦੱਸੀ ਜਾ ਰਹੀ ਹੈ।
ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਰਾਹਗੀਰਾਂ ਨੇ ਇੱਕ ਵਿਅਕਤੀ ਨੂੰ ਨਾਲੇ ਵਿੱਚ ਪਿਆ ਦੇਖਿਆ। ਸਥਾਨਕ ਲੋਕਾਂ ਨੇ ਤੁਰੰਤ ਉਕਤ ਵਿਅਕਤੀ ਨੂੰ ਬਾਹਰ ਕੱਢਿਆ, ਪਰ ਤਦ ਤੱਕ ਉਹ ਦਮ ਤੋੜ ਚੁੱਕਿਆ ਸੀ।
ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ
ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਛਾਣ ਕਰਨ ਦੀ ਕਾਰਵਾਈ ਜਾਰੀ ਹੈ। ਮ੍ਰਿਤਕ ਵਿਅਕਤੀ ਬਾਰੇ ਹਾਲੇ ਤੱਕ ਕੋਈ ਢੁੱਕਵੀ ਜਾਣਕਾਰੀ ਸਾਹਮਣੇ ਨਹੀਂ ਆਈ।
ਨਗਰ ਕੌਂਸਲ ‘ਤੇ ਉਠੇ ਸਵਾਲ
ਇਸ ਹਾਦਸੇ ਤੋਂ ਬਾਅਦ ਸਥਾਨਕ ਵਾਸੀਆਂ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਨਾਲਾ ਖੁੱਲ੍ਹਾ ਪਿਆ ਹੈ ਅਤੇ ਕਈ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਇਸਨੂੰ ਢੱਕਣ ਜਾਂ ਸੁਰੱਖਿਆ ਪ੍ਰਬੰਧ ਕਰਨ ਵੱਲ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਗਿਆ।
ਲੋਕਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਣ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇ।

