ਨਵੀ ਦਿੱਲੀ :- ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਵੈਨੇਜ਼ੁਏਲਾ ਦੀ ਪ੍ਰਸਿੱਧ ਰਾਜਨੀਤਿਕ ਨੇਤਾ ਅਤੇ ਲੋਕਤੰਤਰ ਹੱਕਾਂ ਦੀ ਹਮਾਇਤੀ ਮਾਰੀਆ ਕੋਰੀਨਾ ਮਚਾਡੋ ਨੂੰ ਪ੍ਰਦਾਨ ਕੀਤਾ ਗਿਆ ਹੈ। ਨੋਬਲ ਕਮੇਟੀ ਨੇ ਉਨ੍ਹਾਂ ਨੂੰ ਇਹ ਪੁਰਸਕਾਰ ਵੈਨੇਜ਼ੁਏਲਾ ਦੇ ਲੋਕਾਂ ਲਈ ਜਮਹੂਰੀ ਅਧਿਕਾਰਾਂ ਨੂੰ ਮਜ਼ਬੂਤ ਕਰਨ ਅਤੇ ਤਾਨਾਸ਼ਾਹੀ ਰਾਜ ਤੋਂ ਸ਼ਾਂਤੀਪੂਰਣ ਲੋਕਤੰਤਰਕ ਤਬਦੀਲੀ ਲਈ ਉਨ੍ਹਾਂ ਦੇ ਅਣਥੱਕ ਸੰਘਰਸ਼ ਦੀ ਮਾਨਤਾ ਵਜੋਂ ਦਿੱਤਾ ਹੈ।
ਮਚਾਡੋ ਦੀ ਲੜਾਈ ਨੇ ਬਣਾਇਆ ਲੋਕਾਂ ਲਈ ਆਵਾਜ਼ ਦਾ ਪ੍ਰਤੀਕ
ਮਾਰੀਆ ਕੋਰੀਨਾ ਮਚਾਡੋ ਲੰਬੇ ਸਮੇਂ ਤੋਂ ਵੈਨੇਜ਼ੁਏਲਾ ਵਿੱਚ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਕਰ ਰਹੀ ਹਨ। ਉਨ੍ਹਾਂ ਨੇ ਸਰਕਾਰੀ ਦਬਾਅ, ਪਾਬੰਦੀਆਂ ਅਤੇ ਧਮਕੀਆਂ ਦੇ ਬਾਵਜੂਦ ਸ਼ਾਂਤੀਪੂਰਨ ਢੰਗ ਨਾਲ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਈ। ਨੋਬਲ ਕਮੇਟੀ ਨੇ ਕਿਹਾ ਕਿ ਮਚਾਡੋ ਨੇ ਵੈਨੇਜ਼ੁਏਲਾ ਦੇ ਲੋਕਾਂ ਵਿੱਚ ਉਮੀਦ ਦੀ ਨਵੀਂ ਚਿੰਗਾਰੀ ਜਗਾਈ ਹੈ।
ਡੋਨਾਲਡ ਟਰੰਪ ਨੂੰ ਨਹੀਂ ਮਿਲਿਆ ਪੁਰਸਕਾਰ
ਇਸ ਵਾਰ ਕਈ ਅੰਤਰਰਾਸ਼ਟਰੀ ਨਾਮਾਂ ਵਿਚਾਲੇ ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਵੀ ਚਰਚਾ ਵਿਚ ਸੀ, ਪਰ ਕਮੇਟੀ ਨੇ ਉਨ੍ਹਾਂ ਨੂੰ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ। ਟਰੰਪ ਪਹਿਲਾਂ ਵੀ ਕਈ ਵਾਰ ਇਸ ਸਨਮਾਨ ਲਈ ਦਾਅਵੇਦਾਰ ਰਹੇ ਹਨ, ਪਰ ਇਸ ਵਾਰ ਉਹ ਦੌੜ ਤੋਂ ਬਾਹਰ ਰਹੇ।
ਨੋਬਲ ਕਮੇਟੀ ਨੇ ਦਿੱਤਾ ਸਨੇਹਾ
ਓਸਲੋ ਵਿਚ ਨੋਬਲ ਕਮੇਟੀ ਦੇ ਬਿਆਨ ਅਨੁਸਾਰ, ਇਹ ਪੁਰਸਕਾਰ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਹੈ ਜੋ ਸ਼ਾਂਤੀ ਅਤੇ ਲੋਕਤੰਤਰ ਲਈ ਬਿਨਾਂ ਹਿੰਸਾ ਦੇ ਲੜ ਰਹੇ ਹਨ। ਕਮੇਟੀ ਨੇ ਕਿਹਾ ਕਿ ਮਚਾਡੋ ਦਾ ਸੰਘਰਸ਼ ਇਹ ਸਾਬਤ ਕਰਦਾ ਹੈ ਕਿ ਅਸਲੀ ਤਾਕਤ ਬੰਦੂਕਾਂ ਨਹੀਂ, ਸੱਚਾਈ ਅਤੇ ਹਿੰਮਤ ਵਿੱਚ ਹੁੰਦੀ ਹੈ।