ਡੇਰਾਬੱਸੀ :- ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਦੀ ਲਾਸ਼ ਘਰ ਦੇ ਚੁਬਾਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ 27 ਸਾਲਾ ਕੁਲਦੀਪ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਖੁਸ਼ੀਆਂ ਦੀ ਥਾਂ ਛਾ ਗਿਆ ਮਾਤਮ
ਘਟਨਾ ਨੂੰ ਹੋਰ ਵੀ ਦਰਦਨਾਕ ਬਣਾਉਂਦੀ ਗੱਲ ਇਹ ਹੈ ਕਿ ਪਰਿਵਾਰ ਵਿੱਚ ਬੁੱਧਵਾਰ ਨੂੰ ਵਿਆਹ ਦੀ ਰਸਮ ਹੋਣੀ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਇੱਕ ਦਿਨ ਪਹਿਲਾਂ ਹੀ ਘਰ ‘ਚ ਖੁਸ਼ੀ ਦੀ ਥਾਂ ਮੌਤ ਦਾ ਸਾਇਆ ਛਾ ਗਿਆ।
ਬਚਪਨ ਤੋਂ ਸਦਮਿਆਂ ਨਾਲ ਜੂਝਦਾ ਰਿਹਾ ਕੁਲਦੀਪ
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਦੇ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ। ਇਸ ਤੋਂ ਬਾਅਦ ਲਗਭਗ ਛੇ ਮਹੀਨੇ ਪਹਿਲਾਂ ਉਸਦੀ ਮਾਂ ਦੀ ਵੀ ਦੇਹਾਂਤ ਹੋ ਗਿਆ ਸੀ। ਮਾਂ ਦੀ ਮੌਤ ਤੋਂ ਬਾਅਦ ਕੁਲਦੀਪ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ।
ਫੈਕਟਰੀ ‘ਚ ਕਰਦਾ ਸੀ ਨੌਕਰੀ
ਕੁਲਦੀਪ ਡੇਰਾਬੱਸੀ ਸਥਿਤ ਪੀਸੀਸੀਪੀਐਲ ਫੈਕਟਰੀ ਵਿੱਚ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਮੰਗਲਵਾਰ ਨੂੰ ਆਪਣੀ ਪਤਨੀ ਅਤੇ ਢਾਈ ਸਾਲ ਦੇ ਪੁੱਤਰ ਨੂੰ ਸਹੁਰੇ ਪਿੰਡ ਛੱਡ ਕੇ ਸ਼ਾਮ ਨੂੰ ਘਰ ਆਇਆ ਸੀ ਅਤੇ ਰਾਤ ਨੂੰ ਚੁਬਾਰੇ ਵਿੱਚ ਸੌਣ ਲਈ ਚਲਾ ਗਿਆ।
ਸਵੇਰੇ ਦਰਵਾਜ਼ਾ ਖੁਲ੍ਹਿਆ ਤਾਂ ਸਾਹਮਣੇ ਆਈ ਹਕੀਕਤ
ਬੁੱਧਵਾਰ ਸਵੇਰੇ ਕਰੀਬ ਪੰਜ ਵਜੇ ਜਦੋਂ ਉਸਦਾ ਚਾਚਾ ਚੁਬਾਰੇ ਵੱਲ ਗਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਮਿਲਿਆ। ਸ਼ੱਕ ਹੋਣ ‘ਤੇ ਦਰਵਾਜ਼ਾ ਧੱਕਾ ਦੇ ਕੇ ਖੋਲ੍ਹਿਆ ਗਿਆ, ਜਿੱਥੇ ਕੁਲਦੀਪ ਦੀ ਲਾਸ਼ ਰੱਸੀ ਨਾਲ ਲਟਕਦੀ ਹੋਈ ਮਿਲੀ।
ਹਸਪਤਾਲ ਲਿਜਾਇਆ ਗਿਆ ਪਰ ਨਹੀਂ ਬਚ ਸਕਿਆ
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੁਲਿਸ ਵੱਲੋਂ ਕਾਰਵਾਈ, ਪੋਸਟਮਾਰਟਮ ਬਾਅਦ ਲਾਸ਼ ਸੌਂਪੀ
ਸੂਚਨਾ ਮਿਲਦੇ ਹੀ ਡੇਰਾਬੱਸੀ ਪੁਲਿਸ ਮੌਕੇ ‘ਤੇ ਪਹੁੰਚੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਵਿਧਵਾ ਪਤਨੀ ਤੇ ਨੰਨਾ ਪੁੱਤਰ ਛੱਡ ਗਿਆ ਪਿੱਛੇ
ਕੁਲਦੀਪ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ, ਢਾਈ ਸਾਲ ਦਾ ਨਿੱਕਾ ਪੁੱਤਰ ਅਤੇ ਬਜ਼ੁਰਗ ਚਾਚਾ ਛੱਡ ਗਿਆ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਲਈ ਇਹ ਸਦਮਾ ਕਈ ਸਮੇਂ ਤੱਕ ਭੁਲਾਇਆ ਨਹੀਂ ਜਾ ਸਕੇਗਾ।

